ਮਾਲੇਰਕੋਟਲਾ ਸ਼ਹਿਰ ਦੀਆਂ ਸੜਕਾਂ ਖਸਤਾ ਹਾਲ ਮਾਲੇਰਕੋਟਲਾ ਸ਼ਹਿਰ ਦੀਆਂ ਸੜਕਾਂ ਖਸਤਾ ਹਾਲ
Publish Date: Wed, 09 Sep 2026 04:40 PM (IST)
Updated Date: Thu, 10 Sep 2026 04:01 AM (IST)
ਥਾਂ-ਥਾਂ ਪਏ ਡੂੰਘੇ ਟੋਏ ਬਣੇ ਰਾਹਗੀਰਾਂ ਲਈ ਮੁਸੀਬਤ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਸ਼ਹਿਰ ਦੀਆਂ ਕਈ ਅਹਿਮ ਸੜਕਾਂ ਦੀ ਖਸਤਾ ਹਾਲਤ ਸ਼ਹਿਰ ਦੀ ਆਵਾਜਾਈ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਥਾਂ-ਥਾਂ ਸੜਕਾਂ ਵਿੱਚ ਪਏ ਟੋਏ, ਉਖੜਿਆ ਬਜਰੀ ਵਾਲਾ ਹਿੱਸਾ ਅਤੇ ਧੂੜ-ਮਿੱਟੀ ਰਾਹਗੀਰਾਂ, ਵਾਹਨ ਚਾਲਕਾਂ ਅਤੇ ਦੁਕਾਨਦਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਅਤੇ ਨਿਰਮਾਣ ਸਬੰਧੀ ਸਰਕਾਰੀ ਦਾਅਵਿਆਂ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਹਾਲਾਤ ਵੱਖਰੀ ਤਸਵੀਰ ਪੇਸ਼ ਕਰ ਰਹੇ ਹਨ। ਮੇਨ ਰੋਡ ਤੋਂ ਅਨਾਜ ਮੰਡੀ ਨੂੰ ਜਾਂਦੀ ਸੜਕ ਦੀ ਹਾਲਤ ਖਾਸ ਤੌਰ ’ਤੇ ਚਿੰਤਾਜਨਕ ਹੈ। ਸੜਕ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ ਅਤੇ ਵਿਚਕਾਰ ਬਣੇ ਟੋਏ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਖਤਰਾ ਬਣੇ ਹੋਏ ਹਨ। ਅਨਾਜ ਮੰਡੀ ਅਤੇ ਸਬਜ਼ੀ ਮੰਡੀ ਵਿੱਚ ਆਉਣ-ਜਾਣ ਵਾਲੇ ਵੱਡੀ ਗਿਣਤੀ ਵਾਹਨ ਇਸੇ ਰਸਤੇ ਦੀ ਵਰਤੋਂ ਕਰਦੇ ਹਨ। ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਸੜਕ ਦੀ ਹਾਲਤ ਹੋਰ ਵਿਗੜਨ ਦੀ ਗੱਲ ਵੀ ਸਥਾਨਕ ਲੋਕਾਂ ਵੱਲੋਂ ਕਹੀ ਜਾ ਰਹੀ ਹੈ। ਇਸੇ ਤਰ੍ਹਾਂ ਠੰਡੀ ਸੜਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੀ ਸੜਕ ਵੀ ਲੰਮੇ ਸਮੇਂ ਤੋਂ ਮੁਰੰਮਤ ਦੀ ਉਡੀਕ ਕਰ ਰਹੀ ਹੈ। ਸੜਕ ’ਤੇ ਪਏ ਰੋੜੇ ਅਤੇ ਉੱਡਦੀ ਧੂੜ ਨੇ ਆਸ-ਪਾਸ ਦੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੀਂਹ ਪੈਣ ਮਗਰੋਂ ਟੋਇਆਂ ਵਿੱਚ ਪਾਣੀ ਭਰਨ ਕਾਰਨ ਵਾਹਨਾਂ ਅਤੇ ਪੈਦਲ ਰਾਹਗੀਰਾਂ ਲਈ ਰਸਤਾ ਹੋਰ ਵੀ ਔਖਾ ਹੋ ਜਾਂਦਾ ਹੈ। ਲੰਮੇ ਸਮੇਂ ਤੋਂ ਨਹੀਂ ਹੋਈ ਮੁਰੰਮਤ ਨੌਜਵਾਨ ਆਗੂ ਹਰਵਿੰਦਰ ਸਿੰਘ ਸੋਢੀ, ਕਿਸਾਨ ਆਗੂ ਹਰਵਿੰਦਰ ਸਿੰਘ ਕਾਸ਼ਾਪੁਰ, ਭੰਤ ਸਿੰਘ ਹਥਨ, ਰਹਿਮਾਨ ਮਾਲੇਰਕੋਟਲਾ, ਸਬਜ਼ੀ ਵਿਕਰੇਤਾ ਅੰਮ੍ਰਿਤਪਾਲ ਸਿੰਘ ਕਾਲਾਬੂਲਾ ਅਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਕਿਹਾ ਕਿ ਇਨ੍ਹਾਂ ਸੜਕਾਂ ਨੂੰ ਬਣਿਆਂ ਕਾਫ਼ੀ ਸਮਾਂ ਬੀਤ ਚੁੱਕਾ ਹੈ ਪਰ ਸਮੇਂ ਸਿਰ ਮੁਰੰਮਤ ਨਾ ਹੋਣ ਕਾਰਨ ਇਹ ਹੌਲੀ-ਹੌਲੀ ਖਸਤਾ ਹੁੰਦੀਆਂ ਗਈਆਂ। ਉਨ੍ਹਾਂ ਕਿਹਾ ਕਿ ਸੜਕਾਂ ਦੀ ਮਾੜੀ ਹਾਲਤ ਕਾਰਨ ਰੋਜ਼ਾਨਾ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੱਬੀ ਸੜਕ ਦਾ ਕੰਮ ਜਲਦ ਮੁਕੰਮਲ ਹੋਵੇਗਾ : ਵਿਧਾਇਕ ਇਸ ਸਬੰਧੀ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਸੜਕ ਦਾ ਉਦਘਾਟਨ ਹੋ ਚੁੱਕਾ ਹੈ ਅਤੇ ਸੜਕ ਦੇ ਆਸ ਪਾਸ ਗਲੀਆਂ ਦਾ ਕੰਮ ਵੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਦਾ ਕੰਮ ਜਲਦ ਮੁਕੰਮਲ ਕਰਵਾ ਦਿੱਤਾ ਜਾਵੇਗਾ।