ਨਾਟਕ ‘ਜਿਸਮਾਂ ਤੋਂ ਪਾਰ’ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ ਨਾਟਕ ‘ਜਿਸਮਾਂ ਤੋਂ ਪਾਰ’ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ
Publish Date: Sat, 28 Nov 2026 04:24 PM (IST)
Updated Date: Sat, 28 Nov 2026 04:25 PM (IST)
ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ ਤੇ ਨੌਰਥ ਜ਼ੋਨ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਤੇ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ 12ਵੇਂ ਨੌਰਾ ਰਿਚਰਡ ਥੀਏਟਰ ਫੈਸਟੀਵਲ ਦੇ ਤੀਜੇ ਦਿਨ ਸਟੇਜ ਟੂ ਸਕਰੀਨ ਕਲੱਬ, ਮੋਹਾਲੀ ਵੱਲੋਂ ਨਾਟਕ ‘ਜਿਸਮਾਂ ਤੋਂ ਪਾਰ’ ਪੇਸ਼ ਕੀਤਾ ਗਿਆ। ਨੌਰਾ ਰਿਚਰਡ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਇਸ ਨਾਟਕ ਦਾ ਨਿਰਦੇਸ਼ਨ ਰਮਨ ਢਿੱਲੋਂ ਨੇ ਕੀਤਾ। ਨਾਟਕ ਵੀਨਾ ਵਰਮਾ ਦੀ ਕਹਾਣੀ ਤੇ ਆਧਾਰਿਤ ਸੀ। ਨਾਟਕ ਮਨੁੱਖੀ ਜਜ਼ਬਾਤਾਂ, ਪਿਆਰ, ਸਮਾਜਿਕ ਬੰਦਸ਼ਾਂ ਅਤੇ ਰਿਸ਼ਤਿਆਂ ਦੀਆਂ ਗੁੰਝਲਾਂ ਨੂੰ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰਦਾ ਹੈ। ਕਹਾਣੀ ਇਕ ਅਜਿਹੀ ਔਰਤ ਦੀ ਹੈ, ਜੋ ਆਪਣੇ ਪਤੀ ਦੀਆਂ ਅਸਥੀਆਂ ਲੈ ਕੇ ਵਿਦੇਸ਼ ਤੋਂ ਪਰਤਣ ਉਪਰੰਤ ਕਈ ਸਾਲਾਂ ਬਾਅਦ ਆਪਣੇ ਕਾਲਜ ਸਮੇਂ ਦੇ ਪ੍ਰੇਮੀ ਹਰਜਾਪ ਨੂੰ ਮਿਲਣ ਜਾਂਦੀ ਹੈ। ਬੀਤੇ ਸਮੇਂ ਵਿੱਚ ਪਰਿਵਾਰ ਦੀ ਰੂੜ੍ਹੀਵਾਦੀ ਸੋਚ ਕਾਰਨ ਉਸ ਦਾ ਪਿਆਰ ਅਧੂਰਾ ਰਹਿ ਜਾਂਦਾ ਹੈ ਅਤੇ ਉਸ ਦਾ ਵਿਆਹ ਜ਼ਬਰਦਸਤੀ ਵਿਦੇਸ਼ ਰਹਿੰਦੇ ਨੌਜਵਾਨ ਨਾਲ ਕਰ ਦਿੱਤਾ ਜਾਂਦਾ ਹੈ। ਵਿਆਹੁਤਾ ਜੀਵਨ ਵਿਚ ਪਤੀ ਦੇ ਤਸ਼ੱਦਦ ਦੇ ਬਾਵਜੂਦ ਉਹ ਸਭ ਕੁਝ ਸਹਿੰਦੀ ਰਹਿੰਦੀ ਹੈ। ਜਦੋਂ ਉਹ ਆਪਣੇ ਪੁਰਾਣੇ ਪ੍ਰੇਮੀ ਨੂੰ ਮਿਲਦੀ ਹੈ ਤਾਂ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਹੋਈਆਂ ਦੇਖ ਕੇ ਹੈਰਾਨ ਰਹਿ ਜਾਂਦੀ ਹੈ। ਇਸ ਦਰਦਨਾਕ ਹਾਲਤ ਪਿੱਛੇ ਉਸ ਦੇ ਆਪਣੇ ਭਰਾ ਦਾ ਹੱਥ ਹੋਣ ਦਾ ਖੁਲਾਸਾ ਨਾਟਕ ਨੂੰ ਦੁਖਾਂਤਕ ਮੋੜ ਦਿੰਦਾ ਹੈ। ਇਸ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਮਨੁੱਖੀ ਸੰਵੇਦਨਾਵਾਂ ਅਤੇ ਸਮਾਜਿਕ ਮਾਨਸਿਕਤਾ ਬਾਰੇ ਸੋਚਣ ਲਈ ਮਜਬੂਰ ਕੀਤਾ। ਨਾਟਕ ’ਚ ਨੰਦਨੀ, ਰਮਨ ਢਿੱਲੋਂ, ਰਵੀਨਾ, ਪ੍ਰਭਲੀਨ, ਅਨੀਤਾ ਸ਼ਬਦੀਸ਼, ਰਿੰਕੂ ਜੈਨ, ਗੁਰਭੇਜ ਸਿੰਘ, ਸੰਦੀਪ ਅਤੇ ਲਵਪ੍ਰੀਤ ਨੇ ਅਹਿਮ ਭੂਮਿਕਾਵਾਂ ਨਿਭਾਈਆਂ। ਸੈੱਟ ਡਿਜ਼ਾਈਨ ਡਾ. ਲੱਖਾ ਲਹਿਰੀ, ਗੀਤਕਾਰੀ ਤੇ ਗਾਇਨ ਗੈਰੀ ਵੜੈਚ ਅਤੇ ਅਵਨੂਰ ਨੇ ਕੀਤਾ। ਸੰਗੀਤ ਰੋਮੀ ਸਿੰਘ ਅਤੇ ਜੈਸਨ ਥਿੰਦ ਨੇ ਤਿਆਰ ਕੀਤਾ, ਜਦਕਿ ਰੌਸ਼ਨੀ ਦੀ ਵਿਵਸਥਾ ਪ੍ਰੀਤ ਕਾਰਖਲ ਨੇ ਸੰਭਾਲੀ। ਖਚਾਖਚ ਭਰੇ ਕਲਾ ਭਵਨ ਆਡੀਟੋਰੀਅਮ ’ਚ ਦਰਸ਼ਕਾਂ ਨੇ ਨਾਟਕ ਦੀ ਭਰਪੂਰ ਸ਼ਲਾਘਾ ਕੀਤੀ। ਡਾ. ਇੰਦਰਜੀਤ ਕੌਰ ਗੋਲਡੀ ਨੇ ਮੰਚ ਸੰਚਾਲਨ ਕਰਦਿਆਂ ਨੌਰਾ ਰਿਚਰਡ ਦੇ ਰੰਗਮੰਚ ਵਿੱਚ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਡਾ. ਭੀਮ ਇੰਦਰ ਨੇ ਨਾਟਕ ਦੀ ਟੀਮ, ਸਾਰਥਕ ਰੰਗਮੰਚ, ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਅਤੇ ਡਾ. ਰੂਬੇਲ ਮੋਹੀ ਦਾ ਧੰਨਵਾਦ ਕੀਤਾ।