ਤੇਜਾ ਸਿੰਘ ਸਮੁੰਦਰੀ ਵੱਲੋਂ ਪਾਏ ਯੋਗਦਾਨ ਨੂੰ ਕੌਮ ਕਦੇ ਭੁਲਾ ਨਹੀਂ ਸਕਦੀ : ਪ੍ਰੋ. ਬਡੂੰਗਰ ਤੇਜਾ ਸਿੰਘ ਸਮੁੰਦਰੀ ਵੱਲੋਂ ਪਾਏ ਯੋਗਦਾਨ ਨੂੰ ਕੌਮ ਕਦੇ ਭੁਲਾ ਨਹੀਂ ਸਕਦੀ : ਪ੍ਰੋ. ਬਡੂੰਗਰ
Publish Date: Thu, 16 Jul 2026 05:43 PM (IST)
Updated Date: Fri, 17 Jul 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ: ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਸੁਧਾਰ ਲਹਿਰ ਅੰਦਰ ਆਪਣਾ ਵਿਲੱਖਣ ਤੇ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸਾਬਕਾ ਪ੍ਰਧਾਨ ਤੇਜਾ ਸਿੰਘ ਸਮੁੰਦਰੀ ਨੂੰ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਕੌਮ ਕਦੇ ਵੀ ਭੁਲਾ ਨਹੀਂ ਸਕਦੀ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿਘ ਬਡੂੰਗਰ ਨੇ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ ਵਿਚ ਪਾਏ ਯੋਗਦਾਨ ਦਾ ਜਿ਼ਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਦ੍ਰਿੜਤਾ, ਸਾਦਗੀ, ਸਿਦਕਦਿਲੀ ਅਤੇ ਨਿਸ਼ਕਾਮ ਸੇਵਕ ਵਜੋਂ ਲਹਿਰ ਵਿਚ ਮਹਾਨ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਸ. ਤੇਜਾ ਸਿੰਘ ਸਮੁੰਦਰੀ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ (ਅਕਾਲੀ ਲਹਿਰ) ਦੇ ਪ੍ਰਮੁੱਖ ਆਗੂ ਵਜੋਂ ਸਿੱਖਾਂ ਲਈ ਅਹਿਮ ਯੋਗਦਾਨ ਪਾਇਆ ਅਤੇ ਸਿੱਖ ਪੰਥ ਵਿਚ ਏਕਤਾ, ਅਨੁਸ਼ਾਸਨ ਅਤੇ ਪੰਥਕ ਚੇਤਨਾ ਨੂੰ ਮਜ਼ਬੂਤ ਕੀਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਮਹਾਨ ਸੰਘਰਸ਼ੀ ਯੋਧੇ, ਪੱਕੇ ਪੰਥਪ੍ਰਸਤ ਅਤੇ ਬਚਨ ਪੂਰੇ ਕਰਨ ਵਾਲੀ ਸਖਸ਼ੀਅਤ ਸਨ, ਜਿਨਾਂ ਨੇ ਭਵਿੱਖ ਨੂੰ ਵੇਖਦੇ ਹੋਏ ਸਹੀ ਨਿਰਣੇ ਤੇ ਫੈਸਲੇ ਕੀਤੇ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਗੁਰੂ ਕਾ ਬਾਗ ਅਤੇ ਜੈਤੋ ਦੇ ਮੋਰਚੇ ਸਮੇਂ ਜਿਸ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਲਾਸਾਨੀ ਮਿਸਾਲ ਕਾਇਮ ਕੀਤੀ, ਜੋ ਅਜ਼ਾਦੀ ਲਹਿਰ ਦੌਰਾਨ ਸੰਘਰਸ਼ ਕਰਨ ਵਾਲਿਆਂ ਲਈ ਵੀ ਮਾਰਗ ਦਰਸ਼ਕ ਬਣੀ। ਉਨ੍ਹਾਂ ਕਿਹਾ ਕਿ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀਓਂ ਉਤਾਰ ਦੇਣ ਤੋਂ ਬਾਅਦ ਸਿੱਖਾਂ ਵਿਚ ਗੁੱਸੇ ਦੀ ਲਹਿਰ ਉਠ ਖੜ੍ਹੀ ਹੋਈ ਅਤੇ ਇਸ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੇ ਅੰਗਰੇਜ਼ ਹਕੂਮਤ ਵਿਰੁੱਧ ਮੋਰਚੇ ਲਾਏ ਅਤੇ ਅੰਗਰੇਜੀ ਸਰਕਾਰ ਵਿਰੁੱਧ ਬਗਾਵਤੀ ਸੁਰ ਵਿਚ ਆਵਾਜ਼ ਬੁਲੰਦ ਕਰਨ ਬਦਲੇ ਸ. ਤੇਜਾ ਸਿੰਘ ਸਮੁੰਦਰੀ ਨੂੰ ਲਾਹੌਰ ਦੇ ਇਤਿਹਾਸਕ ਕਿਲੇ੍ਹ ਵਿਚ ਡੱਕ ਦਿੱਤਾ ਗਿਆ, ਜਿਥੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋਈ। ਪੋ. ਬਡੂੰਗਰ ਨੇ ਕਿਹਾ ਕਿ ਸਿੱਖ ਇਤਹਾਸ ਅੰਦਰ ਉਨ੍ਹਾਂ ਵੱਲੋਂ ਵਿਖਾਇਆ ਸੰਘਰਸ਼ ਦਾ ਰਾਹ ਜਬਰ ਅਤੇ ਜੁਲਮ ਦੇ ਖਿਲਾਫ਼ ਦਿ੍ਰੜ ਇਰਾਦੇ ਤੇ ਸੰਕਲਪ ਨਾਲ ਲੜਨ ਦੀ ਜੀਵਨ ਜਾਂਚ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜੌਕੀ ਨੌਜਵਾਨ ਪੀੜੀ ਨੂੰ ਜਥੇਦਾਰ ਤੇਜਾ ਸਿੰਘ ਸਮੁੰਦਰੀ ਦੀ ਸੋਚ, ਸਿਧਾਂਤ ਅਤੇ ਕੁਰਬਾਨੀ ਤੋਂ ਕਾਫੀ ਕੁਝ ਸਿੱਖਣ ਅਤੇ ਸੇਧ ਲੈਣ ਦੀ ਲੋੜ ਹੈ। ਪ੍ਰੋ. ਬਡੂੰਗਰ ਅਤੇ ਉਹ ਸਾਰੀਆਂ ਪੰਥਕ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਨੂੰ ਰਲ ਮਿਲਕੇ ਸਰਦਾਰ ਸਮੁੰਦਰੀ ਜੀ ਦਾ ਸ਼ਹੀਦੀ ਦਿਵਸ 17 ਜੁਲਾਈ ਨੂੰ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਕੇ ਆਪਣਾ ਨੈਤਿਕ ਫਰਜ਼ ਨਿਭਾਉਣ ਦੀ ਅਪੀਲ ਕੀਤੀ।