ਹਰੀਮਾਜਰਾ ਕਤਲ ਕਾਂਡ ਦੀ ਗੁੱਥੀ ਸੁਲਝੀ : ਨਾਜਾਇਜ਼ ਸਬੰਧਾਂ ਦੇ ਚਲਦਿਆਂ ਪਤਨੀ ਨੇ ਹੀ ਆਪਣੇ ਆਸ਼ਿਕ ਨਾਲ ਮਿਲ ਕੇ ਕਰਵਾਇਆ ਸੀ ਪਤੀ ਦਾ ਕਤਲ, ਦੋਵੇਂ ਗ੍ਰਿਫ਼ਤਾਰ ਜ਼ਿਲ੍ਹਾ ਪੁਲਿਸ ਪਟਿਆਲਾ ਨੇ ਹਰੀਮਾਜਰਾ ਪਿੰਡ ਦੇ ਰਹਿਣ ਵਾਲੇ 45 ਸਾਲਾ ਸੁਖਵਿੰਦਰ ਸਿੰਘ ਦੀ ਸ਼ੱਕੀ ਮੌਤ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਉਸ ਦੀ ਪਤਨੀ ਤੇ ਉਸ ਦੇ ਕਥਿਤ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਘਨੌਰ ਦਲਜੀਤ ਸਿੰਘ ਵਿਰਕ ਨੇ ਦੱਸਿਆ ਕਿ ਥਾਣਾ ਮੁਖੀ ਐੱਸਆਈ ਗੁਰਮੁੱਖ ਸਿੰਘ ਤੇ ਜਾਂਚ ਅਧਿਕਾਰੀ ਏਐੱਸਆਈ ਗੁਰਵਿੰਦਰ ਸਿੰਘ ਵੱਲੋਂ ਕੀਤੀ ਤਫ਼ਤੀਸ਼ ਦੌਰਾਨ ਇਹ ਮਾਮਲਾ ਬੇਨਕਾਬ ਹੋਇਆ। ਪੁਲਿਸ ਅਨੁਸਾਰ, 20 ਜੁਲਾਈ 2026 ਨੂੰ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਸੂਚਨਾ ਮਿਲੀ ਕਿ ਹਰੀਮਾਜਰਾ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ (45) ਛੱਤ ਤੋਂ ਡਿੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਦਾਖ਼ਲ ਹੈ।
Publish Date: Sat, 25 Jul 2026 11:47 AM (IST)
Updated Date: Sat, 25 Jul 2026 11:48 AM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਜ਼ਿਲ੍ਹਾ ਪੁਲਿਸ ਪਟਿਆਲਾ ਨੇ ਹਰੀਮਾਜਰਾ ਪਿੰਡ ਦੇ ਰਹਿਣ ਵਾਲੇ 45 ਸਾਲਾ ਸੁਖਵਿੰਦਰ ਸਿੰਘ ਦੀ ਸ਼ੱਕੀ ਮੌਤ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਉਸ ਦੀ ਪਤਨੀ ਤੇ ਉਸ ਦੇ ਕਥਿਤ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਘਨੌਰ ਦਲਜੀਤ ਸਿੰਘ ਵਿਰਕ ਨੇ ਦੱਸਿਆ ਕਿ ਥਾਣਾ ਮੁਖੀ ਐੱਸਆਈ ਗੁਰਮੁੱਖ ਸਿੰਘ ਤੇ ਜਾਂਚ ਅਧਿਕਾਰੀ ਏਐੱਸਆਈ ਗੁਰਵਿੰਦਰ ਸਿੰਘ ਵੱਲੋਂ ਕੀਤੀ ਤਫ਼ਤੀਸ਼ ਦੌਰਾਨ ਇਹ ਮਾਮਲਾ ਬੇਨਕਾਬ ਹੋਇਆ। ਪੁਲਿਸ ਅਨੁਸਾਰ, 20 ਜੁਲਾਈ 2026 ਨੂੰ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਸੂਚਨਾ ਮਿਲੀ ਕਿ ਹਰੀਮਾਜਰਾ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ (45) ਛੱਤ ਤੋਂ ਡਿੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਦਾਖ਼ਲ ਹੈ।
ਇਸੇ ਦਿਨ ਜੀਐੱਮਸੀਐਚ ਸੈਕਟਰ-32, ਚੰਡੀਗੜ੍ਹ ਤੋਂ ਵੀ ਸੂਚਨਾ ਮਿਲੀ ਕਿ ਸਿਰ ’ਚ ਗੰਭੀਰ ਸੱਟਾਂ ਕਾਰਨ ਇਲਾਜ ਅਧੀਨ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਹੈ। ਮਾਮਲਾ ਸ਼ੱਕੀ ਲੱਗਣ 'ਤੇ ਪੁਲਿਸ ਟੀਮ ਚੰਡੀਗੜ੍ਹ ਪੁੱਜੀ, ਜਿੱਥੇ ਲਾਸ਼ ਦਾ ਮੁਆਇਨਾ ਕਰਕੇ ਪੋਸਟਮਾਰਟਮ ਕਰਵਾਇਆ ਗਿਆ। ਜਾਂਚ ਦੌਰਾਨ ਮੋਤੀ ਰਾਮ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਡੰਡਿਆਣਾ, ਜ਼ਿਲ੍ਹਾ ਅੰਬਾਲਾ (ਹਰਿਆਣਾ) ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਦੀ ਪਤਨੀ ਹਰਜੀਤ ਕੌਰ ਤੇ ਸ਼ਿੰਦਰ ਸਿੰਘ ਵਾਸੀ ਹਰੀਮਾਜਰਾ ਖ਼ਿਲਾਫ਼ ਥਾਣਾ ਘਨੌਰ ’ਚ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਤਫ਼ਤੀਸ਼ ਦੌਰਾਨ ਪੁਲਿਸ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਹਰਜੀਤ ਕੌਰ ਅਤੇ ਸ਼ਿੰਦਰ ਸਿੰਘ ਵਿਚਕਾਰ ਕਥਿਤ ਨਾਜਾਇਜ਼ ਸਬੰਧ ਸਨ। ਇਸ ਕਾਰਨ ਸੁਖਵਿੰਦਰ ਸਿੰਘ ਤੇ ਉਸ ਦੀ ਪਤਨੀ ਵਿਚ ਅਕਸਰ ਤਕਰਾਰ ਰਹਿੰਦੀ ਸੀ। ਪੁਲਿਸ ਦਾ ਦਾਅਵਾ ਹੈ ਕਿ ਦੋਵਾਂ ਨੇ ਕਥਿਤ ਤੌਰ 'ਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਸੁਖਵਿੰਦਰ ਸਿੰਘ ਦੇ ਸਿਰ 'ਤੇ ਹਥੌੜੇ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਘਟਨਾ ਨੂੰ ਛੱਤ ਤੋਂ ਡਿੱਗਣ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ 23 ਜੁਲਾਈ 2026 ਨੂੰ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। 24 ਜੁਲਾਈ 2026 ਨੂੰ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ।