- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਵ ਕਥਾ ’ਚ ਤਿਆਗ ਤੇ ਸੱਚ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼: ਸਾਧਵੀ ਭਾਰਤੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਪਟਿਆਲਾ ਵੱਲੋਂ ਸੈਣੀ ਧਰਮਸ਼ਾਲਾ, ਬਿੰਜਲ, ਦੇਵੀਗੜ੍ਹ ਵਿਖੇ ਕਰਵਾਈ ਜਾ ਰਹੀ ਚਾਰ ਦਿਨਾ ਸ਼ਿਵ ਕਥਾਮ੍ਰਿਤ ਦੇ ਦੂਜੇ ਦਿਨ ਸੰਸਥਾਨ ਦੇ ਸੰਸਥਾਪਕ ਤੇ ਨਿਰਦੇਸ਼ਕ ਆਸ਼ੂਤੋਸ਼ ਮਹਾਰਾਜ ਅਤੇ ਸਾਧਵੀ ਹਰਪ੍ਰੀਤ ਭਾਰਤੀ ਨੇ ਸੰਗਤ ਨੂੰ ਭਗਵਾਨ ਸ਼ਿਵ ਦੀ ਪਾਵਨ ਕਥਾ ਸੁਣਾਈ। ਸਾਧਵੀ ਹਰਪ੍ਰੀਤ ਭਾਰਤੀ ਨੇ ਪਾਰਵਤੀ ਜਨਮ ਦੀ ਕਥਾ ਸੁਣਾਉਂਦਿਆਂ ਭਗਵਾਨ ਸ਼ਿਵ ਵੱਲੋਂ ਲੋਕ ਕਲਿਆਣ ਲਈ ਹਲਾਹਲ ਜ਼ਹਿਰ ਪੀਣ ਅਤੇ ਦੇਵਤਿਆਂ ਨੂੰ ਅੰਮ੍ਰਿਤ ਪ੍ਰਦਾਨ ਕਰਨ ਦਾ ਪ੍ਰਸੰਗ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਦੀ ਇਹ ਕਥਾ ਮਨੁੱਖ ਨੂੰ ਤਿਆਗ ਤੇ ਪਰਉਪਕਾਰ ਦੀ ਭਾਵਨਾ ਅਪਣਾਉਣ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਮਾਜ ਵਿਚ ਸੱਚ, ਨਿਆਂ ਅਤੇ ਧਰਮ ਦੇ ਮਾਰਗ ਤੋਂ ਦੂਰ ਹੋਣ ਕਾਰਨ ਅਨੈਤਿਕਤਾ, ਅਸ਼ਾਂਤੀ, ਅਨੁਸ਼ਾਸਨਹੀਣਤਾ ਅਤੇ ਭ੍ਰਿਸ਼ਟਾਚਾਰ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਬਾਹਰੀ ਸੁੱਖਾਂ ਦੇ ਨਾਲ-ਨਾਲ ਆਪਣੇ ਅੰਦਰ ਝਾਤ ਮਾਰਨ ਦੀ ਵੀ ਲੋੜ ਹੈ। ਸਾਧਵੀ ਨੇ ਕਿਹਾ ਕਿ ਧਰਮ ਦਾ ਅਸਲ ਅਰਥ ਆਪਣੇ ਮੂਲ ਪਰਮਾਤਮਾ ਨਾਲ ਜੁੜਨਾ ਹੈ। ਸਦਗੁਰੂ ਮਨੁੱਖ ਨੂੰ ਅੰਦਰ ਵੱਸਦੇ ਪਰਮਾਤਮਾ ਦੀ ਪਹਿਚਾਣ ਕਰਵਾਉਂਦੇ ਹਨ। ਉਨ੍ਹਾਂ ਸਮੁੰਦਰ ਮੰਥਨ ਨਾਲ ਜੁੜੇ ਪ੍ਰਸੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੰਮ੍ਰਿਤ ਦੀਆਂ ਬੂੰਦਾਂ ਨਾਲ ਜੁੜੇ ਸਥਾਨਾਂ ’ਤੇ ਅੱਜ ਕੁੰਭ ਮੇਲਾ ਲੱਗਦਾ ਹੈ, ਜਦਕਿ ਅਸਲ ਤ੍ਰਿਵੇਣੀ ਮਨੁੱਖ ਦੇ ਸਰੀਰ ਅੰਦਰ ਏਡਾ, ਪਿੰਗਲਾ ਅਤੇ ਸੁਸ਼ੁਮਨਾ ਦੇ ਰੂਪ ਵਿੱਚ ਮੌਜੂਦ ਹੈ। ਕਥਾ ਦੇ ਅੰਤ ਵਿਚ ਪ੍ਰਭੂ ਦੀ ਪਾਵਨ ਆਰਤੀ ਕੀਤੀ ਗਈ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਰਧਾ ਨਾਲ ਹਾਜ਼ਰੀ ਭਰੀ।