ਪਿੰਡ ਕਰਾਲਾ ਵਿਚ ਗੇਟ ਲਾਉਣ ਦਾ ਮਾਮਲਾ ਹੋਰ ਭਖਿਆ ਪਿੰਡ ਕਰਾਲਾ ਵਿਚ ਗੇਟ ਲਗਾਉਣ ਦਾ ਮਾਮਲਾ ਹੋਰ ਭਖਿਆ
Publish Date: Thu, 16 Jul 2026 06:01 PM (IST)
Updated Date: Fri, 17 Jul 2026 04:04 AM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ ਬਨੂੜ : ਨੇੜਲੇ ਪਿੰਡ ਕਰਾਲਾ ਦੇ ਵਸਨੀਕ ਵੱਲੋਂ ਗੇਟ ਲਗਾਉਣ ਦਾ ਮਾਮਲਾ ਦਿਨੋਂ ਦਿਨ ਭੱਖਦਾ ਜਾ ਰਿਹਾ ਹੈ। ਅੱਜ ਇਸ ਥਾਂ ਤੇ ਗੇਟ ਲਗਾ ਕੇ ਗਲੀ ਬੰਦ ਕਰਨ, ਥਾਣਾ ਮੁਖੀ ਬਨੂੜ ਵੱਲੋਂ ਔਰਤਾਂ ਨਾਲ ਕੀਤੇ ਗਏ ਦੁਰਵਿਹਾਰ ਤੇ ਧੱਕਾ-ਮੁੱਕੀ ਕਰਨ ਅਤੇ ਪਿੰਡ ਵਾਸੀਆਂ ਨੂੰ ਝੂਠੇ ਮੁਕਦਮੇ ਵਿੱਚ ਫਸਾਉਣ ਦੀਆਂ ਧਮਕੀਆਂ ਦੇਣ ਵਿਰੁੱਧ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਐੱਸਡੀਐੱਮ ਰਮਨਦੀਪ ਕੌਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਪਿੰਡ ਕਰਾਲਾ ਦਾ ਸਾਬਕਾ ਸਰਪੰਚ ਗੁਰਦੀਪ ਸਿੰਘ, ਨੰਬਰਦਾਰ ਲਖਵੀਰ ਸਿੰਘ, ਗੁਰਪ੍ਰੀਤ ਸਿੰਘ, ਰਮਿੰਦਰ ਸਿੰਘ ਸਮੇਤ ਪਿੰਡ ਵਾਸੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਪਿੰਡ ਕਰਾਲਾ ਦੇ ਵਸਨੀਕਾਂ ਨੇ ਦੱਸਿਆ ਕਿ ਪਿੰਡ ਕਰਾਲਾ ਦੀ ਧਰਮਸ਼ਾਲਾ ਦੇ ਨਜ਼ਦੀਕ ਸਥਿਤ ਸਰਕਾਰੀ ਅਤੇ ਜਨਤਕ ਰਸਤੇ ਉੱਤੇ ਪਿੰਡ ਦੇ ਵਸਨੀਕ ਗਗਨਜੋਤ ਸਿੰਘ ਪੁੱਤਰ ਬਚਿੱਤਰ ਸਿੰਘ ਵੱਲੋਂ ਗੈਰ ਕਾਨੂੰਨੀ ਕਬਜ਼ਾ ਕੀਤਾ ਗਿਆ ਹੈ। ਉਕਤ ਵਿਅਕਤੀ ਨੇ ਸਰਕਾਰੀ ਗਲੀ ਵਿੱਚ ਗੈਰ ਕਾਨੂੰਨੀ ਤੌਰ ਤੇ ਇੰਟਰਲਾਕ ਟਾਈਲਾਂ ਲਗਾ ਕੇ ਗੇਟ ਲਗਾ ਦਿੱਤਾ ਹੈ, ਜਿਸ ਨਾਲ ਗਲੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਜਿਸ ਕਾਰਨ ਪਿੰਡ ਵਾਸੀਆਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਸ ਗੈਰ ਕਾਨੂੰਨੀ ਕਬਜ਼ੇ ਦਾ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਕਈ ਵਾਰ ਵਿਰੋਧ ਕੀਤਾ ਗਿਆ, ਪਰ ਅਜੇ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਬੀਤੇ ਦਿਨੀ ਜਦੋਂ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੇ ਸ਼ਾਂਤਮਈ ਢੰਗ ਨਾਲ ਇਸ ਦਾ ਵਿਰੋਧ ਕੀਤਾ ਤਾਂ ਥਾਣਾ ਮੁਖੀ ਅਰਸ਼ਦੀਪ ਸ਼ਰਮਾ ਵੱਲੋਂ ਕਬਜ਼ਾ ਕਰਨ ਵਾਲੀ ਧਿਰ ਦਾ ਪੱਖ ਪੂਰਦਿਆਂ ਪਿੰਡ ਦੀਆਂ ਔਰਤਾਂ ਨਾਲ ਦੂਰ ਵਿਹਾਰ ਕਰਦੇ ਹੋਏ ਧੱਕਾਮੁਕੀ ਕੀਤੀ ਅਤੇ ਪਿੰਡ ਵਾਸੀਆਂ ਨੂੰ ਝੂਠੇ ਮੁਕਦਮੇ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜੋ ਕਿ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਪਿੰਡ ਦੀਆਂ ਔਰਤਾਂ ਨਾਲ ਥਾਣਾ ਮੁਖੀ ਅਰਸਦੀਪ ਸ਼ਰਮਾ ਵੱਲੋਂ ਕੀਤੇ ਗਏ ਦੁਰਵਿਹਾਰ ਤੇ ਧੱਕੇਸ਼ਾਹੀ ਦੇ ਮਾਮਲੇ ਨੂੰ ਉਹ ਮਹਿਲਾ ਕਮਿਸ਼ਨ ਕੋਲ ਲੈ ਕੇ ਜਾਣਗੇ ਤਾਂ ਜੋ ਧਮਕੀਆਂ ਦੇਣ ਅਤੇ ਧੱਕਾ-ਮੁੱਕੀ ਕਰਨ ਵਾਲੇ ਪੁਲਿਸ ਅਧਿਕਾਰੀ ਵਿਰੁੱਧ ਕਾਰਵਾਈ ਕਰਵਾਈ ਜਾ ਸਕੇ। ਇਸ ਮੌਕੇ ਪੰਚਾਇਤ ਮੈਂਬਰ ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਮਾਣਕਪੁਰ, ਕਾਂਗਰਸ ਦੇ ਸਹਿਰੀ ਪ੍ਰਧਾਨ ਨੀਰਜ ਜੈਨ, ਜਗਤਾਰ ਸਿੰਘ ਕੰਬੋਜ, ਹਰਵਿੰਦਰ ਸਿੰਘ ਬਿੱਲਾ, ਕੁਲਵਿੰਦਰ ਸਿੰਘ ਭੋਲਾ, ਸੋਨੂ ਜੈਨ, ਬੀਰ ਚੰਦ, ਮਲਕੀਤ ਸਿੰਘ ਉਪਲਹੇੜੀ, ਹਰਪ੍ਰੀਤ ਸਿੰਘ ਸੋਨਿਕ, ਬਲਦੀਪ ਸਿੰਘ ਬੱਲੂ, ਗੁਰਮੇਲ ਸਿੰਘ ਸਾਬਕਾ ਕੌਂਸਲਰ, ਦੀਦਾਰ ਸਿੰਘ, ਜਸਵੀਰ ਸਿੰਘ ਪੱਪੀ, ਮੋਹਨ ਸਿੰਘ ਫੌਜੀ ਤੋਂ ਇਲਾਵਾ ਪਿੰਡ ਕਰਾਲਾ ਦੇ ਵਸਨੀਕ ਹਾਜ਼ਰ ਸਨ।