ਬਹਾਦਰਗੜ੍ਹ ’ਚ ਧਰਮਸ਼ਾਲਾ ’ਚੋਂ ਮੰਦਰ ਨੂੰ ਰਸਤਾ ਦੇਣ ਦਾ ਮਾਮਲਾ ਮੁੜ ਭਖਿਆ ਬਹਾਦਰਗੜ੍ਹ 'ਚ ਧਰਮਸ਼ਾਲਾ 'ਚੋਂ ਮੰਦਰ ਨੂੰ ਰਸਤਾ ਦੇਣ ਦਾ ਮਾਮਲਾ ਮੁੜ ਭੱਖਿਆ
Publish Date: Thu, 26 Nov 2026 04:37 PM (IST)
Updated Date: Thu, 26 Nov 2026 04:37 PM (IST)
ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਬਹਾਦਰਗੜ੍ਹ : ਬਹਾਦਰਗੜ੍ਹ ਦੀ ਧਰਮਸ਼ਾਲਾ ’ਚੋਂ ਰਵਿਦਾਸ ਮੰਦਰ ਲਈ ਰਸਤਾ ਲੈਣ ਦਾ ਪੁਰਾਣਾ ਵਿਵਾਦ ਮੁੜ ਭੱਖ ਗਿਆ ਹੈ। ਇੱਕ ਪਾਸੇ ਰਵਿਦਾਸ ਮੰਦਰ ਕਮੇਟੀ ਅਤੇ ਦੂਜੇ ਪਾਸੇ ਬਹਾਦਰਗੜ੍ਹ ਪੰਚਾਇਤ ਨਾਲ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਆਹਮੋ-ਸਾਹਮਣੇ ਹੋ ਗਏ। ਵਿਵਾਦ ਨੂੰ ਸੁਲਝਾਉਣ ਲਈ ਐੱਸਡੀਐੱਮ ਪਟਿਆਲਾ ਗੁਰਦੇਵ ਸਿੰਘ ਅਤੇ ਐੱਸਐੱਚਓ ਸਦਰ ਜਸਪਾਲ ਸਿੰਘ ਮੌਕੇ ’ਤੇ ਪਹੁੰਚੇ। ਮੌਕੇ ’ਤੇ ਮੌਜੂਦ ਸਰਪੰਚ ਹਰਜਿੰਦਰ ਕੌਰ, ਮਲਕ ਸਿੰਘ, ਸਾਬਕਾ ਸਰਪੰਚ ਬਲਬੀਰ ਕੌਰ ਘੁੰਮਣ, ਸਾਬਕਾ ਪੰਚ ਬਿਕਰਮ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰਾਂ ਅਤੇ ਹੋਰ ਵੱਡੀ ਗਿਣਤੀ ਵਿੱਚ ਮੌਜੂਦ ਇਲਾਕਾ ਵਾਸੀਆਂ ਨੇ ਮੰਦਰ ਕਮੇਟੀ ਵੱਲੋਂ ਮੰਦਰ ਨੂੰ ਧਰਮਸ਼ਾਲਾ ਚੋਂ ਰਸਤਾ ਦੇਣ ਦੀ ਮੰਗ ਨੂੰ ਪੂਰੀ ਤਰ੍ਹਾਂ ਨਾਜਾਇਜ਼ ਦੱਸਿਆ। ਉਨ੍ਹਾਂ ਦੱਸਿਆ ਕਿ ਪੰਚਾਇਤ ਇਸ ਸਬੰਧੀ ਕੋਰਟ ਕੇਸ ਵੀ ਜਿੱਤ ਚੁੱਕੀ ਹੈ। ਐੱਸਡੀਐੱਮ ਵੱਲੋਂ ਇੱਕ ਤਰਫ਼ਾ ਰਸਤਾ ਦੇਣ ਦੇ ਹੁਕਮ ਨਾਲ ਪੰਚਾਇਤ ਅਤੇ ਵੱਡੀ ਗਿਣਤੀ ਇਲਾਕਾ ਵਾਸੀ ਅਸਹਿਮਤ ਨਜ਼ਰ ਆਏ। ਜ਼ਿਕਰਯੋਗ ਹੈ ਕਿ ਬਹਾਦਰਗੜ੍ਹ ਦੀ ਸੀਲ ਰੋਡ ਤੇ ਸਥਿਤ ਪੰਚਾਇਤੀ ਧਰਮਸ਼ਾਲਾ ਚੋਂ ਰਸਤਾ ਲੈਣ ਲਈ ਮੰਦਰ ਕਮੇਟੀ ਅਤੇ ਪੰਚਾਇਤ ਵਿਚਕਾਰ ਪਿਛਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਪੰਚਾਇਤ ਵੱਲੋਂ ਧਰਮਸ਼ਾਲਾ ਦੇ ਮੰਦਰ ਮੁਹਰਲੇ ਸ਼ੈਡ ਦੀ ਛੱਤ ਦੀ ਕੈਂਚੀ ਨੂੰ ਪੇਂਟ ਕਰਨ ਤੇ ਮੰਦਰ ਕਮੇਟੀ ਵੱਲੋਂ ਇਤਰਾਜ਼ ਕਰਨ ਤੋਂ ਬਾਅਦ ਠੰਢੇ ਬਸਤੇ ਚ ਪਿਆ ਇਹ ਮਾਮਲਾ ਮੁੜ ਭੱਖ ਗਿਆ ਹੈ। ਇੱਕ ਵਾਰ ਤਾਂ ਦੋਵਾਂ ਧਿਰਾਂ ਵਿਚਕਾਰ ਭਾਰੀ ਬਹਿਸ ਤੋਂ ਬਾਅਦ ਮਾਹੌਲ ਕਾਫ਼ੀ ਤਣਾਅ ਵਾਲਾ ਬਣ ਗਿਆ। ਐਸਐਚਓ ਜਸਪਾਲ ਸਿੰਘ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਦੇਖਣਾ ਹੋਵੇਗਾ ਕਿ ਹੁਣ ਇਹ ਮਾਮਲਾ ਕੀ ਰੁਖ਼ ਅਖ਼ਤਿਆਰ ਕਰਦਾ ਹੈ ਅਤੇ ਪ੍ਰਸ਼ਾਸਨ ਮਾਮਲੇ ਨੂੰ ਕਿਸ ਤਰ੍ਹਾਂ ਹੱਲ ਕਰਨ ਚ ਕਾਮਯਾਬ ਹੁੰਦਾ ਹੈ। ਫਿਲਹਾਲ ਮਾਮਲਾ ਹੱਲ ਨਾ ਹੋਣ ਕਾਰਨ ਤਣਾਅ ਬਣਿਆ ਹੋਇਆ ਹੈ।