
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ੍ਰੀ ਕੇਦਾਰ ਨਾਥ ਮੰਦਰ ਦੇ ਸੁਧਾਰ ਕਾਰਜਾਂ ਨੂੰ ਲੈ ਕੇ ਸੁਧਾਰ ਸਭਾ ਨੇ ਦਿੱਤਾ ਸਪਸ਼ਟੀਕਰਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਰਾਜਪੁਰਾ ਰੋਡ ਸਥਿਤ ਮੱਥੁਰਾ ਕਾਲੋਨੀ ਦੇ ਪ੍ਰਾਚੀਨ ਮੰਦਰ ਸ਼੍ਰੀ ਕੇਦਾਰ ਨਾਥ ਵਿਖੇ ਸੁਧਾਰ ਸਭਾ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਤੇ ਸੁੰਦਰੀਕਰਨ ਕਾਰਜਾਂ ਸਬੰਧੀ ਸਭਾ ਦੇ ਮੈਂਬਰਾਂ ਨੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਸੁਧਾਰ ਸਭਾ ਦਾ ਗਠਨ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਇਸ ਤੋਂ ਬਾਅਦ ਮੰਦਰ ਵਿਖੇ ਚਿੱਤਰਕਾਰੀ, ਰੰਗ-ਰੋਗਨ, ਲਾਈਟਾਂ, ਦੋਵੇਂ ਪਾਸਿਆਂ ਦੇ ਪਾਰਕਾਂ ਅਤੇ ਗੁੰਬਦ ਸਮੇਤ ਕਈ ਕੰਮ ਕਰਵਾਏ ਗਏ ਹਨ। ਸਭਾ ਅਨੁਸਾਰ ਸਤਨਾਮ ਹਸੀਜਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਾਲ 2023 ਵਿਚ ਭੋਲੇ ਨਾਥ ਜੀ ਦੀ ਮੂਰਤੀ ਵੀ ਸਥਾਪਿਤ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਮੰਦਰ ਵਿਖੇ ਸ਼ਰਧਾਲੂਆਂ ਦੀ ਆਮਦ ਵਿੱਚ ਵਾਧਾ ਹੋਇਆ ਹੈ ਅਤੇ ਰੋਜ਼ਾਨਾ ਸ਼ਾਮ ਨੂੰ ਭੰਡਾਰਾ ਲਗਾਇਆ ਜਾਂਦਾ ਹੈ, ਜਿਸ ਵਿਚ ਕੇਲੇ, ਖਿਚੜੀ, ਖੀਰ ਆਦਿ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਸੁਧਾਰ ਸਭਾ ਨੇ ਕਿਹਾ ਕਿ ਹਾਲ ਹੀ ਵਿਚ ਮਹਾਂ ਸ਼ਿਵ ਮਹਾਂਪੁਰਾਣ ਕਥਾ ਦੇ ਵਿਸ਼ਰਾਮ ਮੌਕੇ ਹਵਨ ਅਤੇ ਵਿਸ਼ਾਲ ਭੰਡਾਰਾ ਲਗਾਇਆ ਗਿਆ। ਸਭਾ ਨੇ ਮੰਦਰ ਦੇ ਬੋਰਡ ਨਾਲ ਜੁੜੀ ਇੱਕ ਘਟਨਾ ’ਤੇ ਸੰਗਤ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਬੋਰਡ ਹੇਠਾਂ ਡਿੱਗਿਆ ਮਿਲਣ ’ਤੇ ਮੈਂਬਰਾਂ ਨੇ ਉਸ ਨੂੰ ਤੁਰੰਤ ਸਹੀ ਸਥਾਨ ’ਤੇ ਲਗਾ ਦਿੱਤਾ। ਸਭਾ ਨੇ ਮੰਗ ਕੀਤੀ ਕਿ ਮੰਦਰ ਨਾਲ ਜੁੜੀਆਂ ਪੁਰਾਣੀਆਂ ਸੰਸਥਾਵਾਂ ਦੇ 26 ਸਾਲਾਂ ਦੇ ਕਾਰਜਾਂ ਦਾ ਰਿਕਾਰਡ ਵੀ ਜਾਂਚਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਜੇਕਰ ਪਿਛਲੇ ਤਿੰਨ ਸਾਲਾਂ ਦਾ ਰਿਕਾਰਡ ਮੰਗਦੀ ਹੈ ਤਾਂ ਸੁਧਾਰ ਸਭਾ ਸਾਰੇ ਦਸਤਾਵੇਜ਼ ਅਤੇ ਸਬੂਤ ਪੇਸ਼ ਕਰਨ ਲਈ ਤਿਆਰ ਹੈ। ਸਭਾ ਨੇ ਕਿਹਾ ਕਿ ਮੰਦਰ ਵਿਚ ਰਹਿ ਗਈਆਂ ਕਮੀਆਂ ਨੂੰ ਜਲਦ ਦੂਰ ਕੀਤਾ ਜਾਵੇਗਾ।