ਮਸ਼ੀਨੀਕਰਨ ਦੀ ਮਾਰ: ਛੋਟੇ ਵਾਹਨਾਂ ਨੇ ਖੱਚਰ ਰੇਹੜਿਆਂ ਦੀ ਥਾਂ ਮੱਲੀ, ਰੇਹੜਾ ਚਾਲਕ ਮਜ਼ਦੂਰੀ ਕਰਨ ਲਈ ਮਜਬੂਰ ਮਸ਼ੀਨੀਕਰਨ ਦੀ ਮਾਰ: ਛੋਟੇ ਵਾਹਨਾਂ ਨੇ ਖੱਚਰ ਰੇਹੜਿਆਂ ਦੀ ਥਾਂ ਮੱਲੀ, ਰੇਹੜਾ ਚਾਲਕ ਮਜ਼ਦੂਰੀ ਕਰਨ ਲਈ ਮਜਬੂਰ
Publish Date: Thu, 09 Jul 2026 06:10 PM (IST)
Updated Date: Fri, 10 Jul 2026 04:04 AM (IST)
- ਮੰਦਹਾਲੀ ਨਾਲ ਜੂਝ ਰਹੇ ਰੇਹੜਾ ਚਾਲਕਾਂ ਨੇ ਸਰਕਾਰ ਤੋਂ ਬਿਨਾਂ ਵਿਆਜ ਕਰਜ਼ੇ ਤੇ ਸਹਾਇਤਾ ਦੀ ਕੀਤੀ ਮੰਗ ਫੋਟੋ 09ਪੀਟੀਐੱਲ- 04 ਕਰਮਵੀਰ ਸਿੰਘ ਮਰਦਾਂਪੁਰ, •ਪੰਜਾਬੀ ਜਾਗਰਣ• ਘਨੌਰ : ਦਿਹਾਤੀ ਖੇਤਰਾਂ ’ਚ ਮਾਲ ਢੋਆ-ਢੁਆਈ ਦੇ ਸਾਧਨਾਂ ਦੇ ਤੇਜ਼ੀ ਨਾਲ ਹੋਏ ਮਸ਼ੀਨੀਕਰਨ ਨੇ ਖੱਚਰ ਤੇ ਘੋੜਾ ਰੇਹੜਾ ਚਾਲਕਾਂ ਦੀ ਰੋਜ਼ੀ-ਰੋਟੀ ਤੇ ਗੰਭੀਰ ਅਸਰ ਪਾਇਆ ਹੈ। ਟਾਟਾ ਮੈਜਿਕ, ਮੈਟਾਡੋਰ, ਥ੍ਰੀ-ਵ੍ਹੀਲਰ ਬਾਡੀ ਵਾਲੇ ਵਾਹਨਾਂ ਤੇ ਹੋਰ ਹਲਕੇ ਚਾਰ ਪਹੀਆ ਵਾਹਨਾਂ ਦੀ ਵੱਧ ਰਹੀ ਵਰਤੋਂ ਕਾਰਨ ਖੱਚਰ ਰੇਹੜਿਆਂ ਦੀ ਮੰਗ ਲਗਾਤਾਰ ਘਟਦੀ ਜਾ ਰਹੀ ਹੈ। ਇਸ ਦੇ ਨਾਲ ਹੀ ਸਰਕਾਰੀ ਅਣਦੇਖੀ ਅਤੇ ਮਹਿੰਗਾਈ ਨੇ ਇਸ ਕਿੱਤੇ ਨਾਲ ਜੁੜੇ ਪਰਿਵਾਰਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਰਾਜਪੁਰਾ, ਅੰਬਾਲਾ ਅਤੇ ਘਨੌਰ ਵਿੱਚ ਅਨਾਜ ਮੰਡੀ, ਲੋਹਾ, ਲੱਕੜ, ਮਾਰਬਲ, ਖਾਦ ਅਤੇ ਹੋਰ ਵਪਾਰਕ ਅਦਾਰੇ ਵੱਡੀ ਗਿਣਤੀ ਵਿੱਚ ਹਨ। ਕਰੀਬ ਦੋ ਦਹਾਕੇ ਪਹਿਲਾਂ ਪਿੰਡਾਂ ਦੇ ਲੋਕ ਇਨ੍ਹਾਂ ਸ਼ਹਿਰਾਂ ਤੋਂ ਸੀਮੈਂਟ, ਲੋਹਾ, ਚੀਨੀ, ਘਿਓ, ਬਜਰੀ ਅਤੇ ਹੋਰ ਘਰੇਲੂ ਸਾਮਾਨ ਖੱਚਰ ਰੇਹੜਿਆਂ ਰਾਹੀਂ ਆਪਣੇ ਪਿੰਡਾਂ ਤੱਕ ਪਹੁੰਚਾਉਂਦੇ ਸਨ ਪਰ ਹੁਣ ਛੋਟੇ ਮਸ਼ੀਨੀ ਵਾਹਨਾਂ ਨੇ ਇਸ ਰਵਾਇਤੀ ਕਿੱਤੇ ਦੀ ਥਾਂ ਲੈ ਲਈ ਹੈ। ਰੇਹੜਾ ਚਾਲਕਾਂ ਅਨੁਸਾਰ ਇਸ ਕਾਰਨ ਦਰਜਨਾਂ ਪਰਿਵਾਰਾਂ ਨੂੰ ਆਪਣਾ ਪਿਤਾ-ਪੁਰਖੀ ਕਿੱਤਾ ਛੱਡ ਕੇ ਮਜ਼ਦੂਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਡੇਢ ਦਹਾਕਾ ਪਹਿਲਾਂ ਰਾਜਪੁਰਾ, ਅੰਬਾਲਾ ਅਤੇ ਘਨੌਰ ਖੇਤਰ ਵਿੱਚ ਵੱਖ-ਵੱਖ ਪਿੰਡਾਂ ਦੇ ਕਈਂ ਦਰਜਨਾਂ ਖੱਚਰ-ਘੋੜਾ ਰੇਹੜੇ ਮਾਲ ਢੋਣ ਦਾ ਕੰਮ ਕਰਦੇ ਸਨ, ਜਦਕਿ ਹੁਣ ਇਹ ਗਿਣਤੀ ਘਟ ਕੇ ਕੇਵਲ 10 ਤੋਂ 20 ਰੇਹੜਿਆਂ ਤੱਕ ਸੀਮਤ ਰਹਿ ਗਈ ਹੈ। ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਇਹ ਕਿੱਤਾ ਕਰ ਰਹੇ ਕ੍ਰਿਸ਼ਨ ਕੁਮਾਰ (ਕਬੂਲਪੁਰ), ਗੁਰਮੀਤ ਸਿੰਘ (ਸੰਧਾਰਸੀ), ਮੇਹਰ ਸਿੰਘ (ਮਰਦਾਂਪੁਰ), ਖਲੀਲ (ਲਾਛੜੂ), ਕੂੜਾ ਖਾਨ (ਸੋਨੇਮਾਜਰਾ), ਨਾਨਕੂ ਖਾਨ, ਅਮਰਪਾਲ (ਘਨੌਰ), ਤੇਜਾ ਖਾਨ, ਅਰਜਨ ਅਤੇ ਆਤਮਾ (ਘਨੌਰ) ਸਮੇਤ ਹੋਰ ਰੇਹੜਾ ਚਾਲਕਾਂ ਨੇ ਦੱਸਿਆ ਕਿ ਹੁਣ ਇਸ ਕੰਮ ਤੋਂ ਪਰਿਵਾਰ ਦਾ ਗੁਜ਼ਾਰਾ ਕਰਨਾ ਲਗਭਗ ਅਸੰਭਵ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਖੱਚਰ ਜਾਂ ਘੋੜਾ ਰੇਹੜਾ ਤਿਆਰ ਕਰਨ ਤੇ ਕਰੀਬ 80 ਤੋਂ 90 ਹਜ਼ਾਰ ਰੁਪਏ ਦਾ ਖ਼ਰਚ ਆਉਂਦਾ ਹੈ। ਜੇਕਰ ਕੋਈ ਵਿਅਕਤੀ ਕਰਜ਼ਾ ਲੈ ਕੇ ਵੀ ਇਹ ਕੰਮ ਸ਼ੁਰੂ ਕਰੇ ਤਾਂ ਸਾਲਾਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਕਰਜ਼ਾ ਉਤਾਰਨਾ ਮੁਸ਼ਕਲ ਹੋ ਜਾਂਦਾ ਹੈ। ਰੇਹੜਾ ਚਾਲਕਾਂ ਨੇ ਦੱਸਿਆ ਕਿ ਇੱਕ ਘੋੜੇ ਦੀ ਰੋਜ਼ਾਨਾ ਖੁਰਾਕ ਤੇ ਹੀ 300 ਤੋਂ 350 ਰੁਪਏ ਤੱਕ ਦਾ ਖ਼ਰਚ ਆ ਜਾਂਦਾ ਹੈ, ਜਦਕਿ ਦੋ ਦਹਾਕੇ ਪਹਿਲਾਂ ਇਹ ਖ਼ਰਚ ਕੇਵਲ 35 ਤੋਂ 40 ਰੁਪਏ ਸੀ। ਇਸ ਤੋਂ ਇਲਾਵਾ ਇਲਾਜ, ਨਾਲਬੰਦੀ, ਟੁੱਟ-ਭੱਜ ਤੇ ਹੋਰ ਸੰਭਾਲ ਤੇ ਵੀ ਵੱਖਰਾ ਖ਼ਰਚ ਕਰਨਾ ਪੈਂਦਾ ਹੈ। ਕਈ ਵਾਰ ਦਿਨ ਭਰ ਦੀ ਮਿਹਨਤ ਤੋਂ ਬਾਅਦ ਕੇਵਲ 50 ਤੋਂ 100 ਰੁਪਏ ਦਾ ਹੀ ਭਾੜਾ ਮਿਲਦਾ ਹੈ, ਜਿਸ ਨਾਲ ਘੋੜੇ ਦੀ ਖੁਰਾਕ ਦਾ ਖ਼ਰਚ ਵੀ ਪੂਰਾ ਨਹੀਂ ਹੁੰਦਾ। ਦੂਜੇ ਪਾਸੇ ਛੋਟੇ ਮਸ਼ੀਨੀ ਵਾਹਨ ਘੱਟ ਕਿਰਾਏ ਤੇ ਤੇਜ਼ੀ ਨਾਲ ਮਾਲ ਪਹੁੰਚਾ ਦਿੰਦੇ ਹਨ, ਜਿਸ ਕਾਰਨ ਰੇਹੜਾ ਚਾਲਕਾਂ ਨੂੰ ਕੰਮ ਮਿਲਣਾ ਹੋਰ ਵੀ ਔਖਾ ਹੋ ਗਿਆ ਹੈ। ਸੜਕਾਂ ਤੇ ਵਾਹਨਾਂ ਦੀ ਵਧਦੀ ਗਿਣਤੀ ਕਾਰਨ ਉਨ੍ਹਾਂ ਦੀ ਸੁਰੱਖਿਆ ਵੀ ਇੱਕ ਵੱਡੀ ਚਿੰਤਾ ਬਣ ਚੁੱਕੀ ਹੈ। ਰੇਹੜਾ ਚਾਲਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਰਵਾਇਤੀ ਕਿੱਤੇ ਨਾਲ ਜੁੜੇ ਪਰਿਵਾਰਾਂ ਦੇ ਪੁਨਰਵਾਸ ਲਈ ਬਿਨਾਂ ਵਿਆਜ ਛੋਟੀ ਮਸ਼ੀਨਰੀ ਖ਼ਰੀਦਣ ਵਾਸਤੇ ਕਰਜ਼ਾ ਅਤੇ ਹੋਰ ਵਿੱਤੀ ਸਹਾਇਤਾ ਦਿੱਤੀ ਜਾਵੇ, ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਇੱਜ਼ਤ ਨਾਲ ਕਰ ਸਕਣ।