ਰਸੋਈ ਦੀ ਮਹਿਕ ਤੋਂ ਆਨਲਾਈਨ ਪਲੇਟਫਾਰਮ ਤੱਕ ਪੁੱਜੀ ਗੁਵਾਰਾ ਦੀਆਂ ਮਹਿਲਾਵਾਂ ਦੀ ਮਿਹਨਤ ਰਸੋਈ ਦੀ ਮਹਿਕ ਤੋਂ ਐਮਾਜ਼ੋਨ ਤੱਕ ਪੁੱਜੀ ਗੁਵਾਰਾ ਦੀਆਂ ਮਹਿਲਾਵਾਂ ਦੀ ਮਿਹਨਤ
Publish Date: Wed, 19 Aug 2026 06:51 PM (IST)
Updated Date: Thu, 20 Aug 2026 04:01 AM (IST)
ਫੋਟੋ-7 ਕੈਪਬਸ਼ਨ-ਗੱਲਬਾਤ ਕਰਦੀਆਂ ਹੋਈਆਂ ਗਰੁੱਪ ਦੀਆਂ ਮਹਿਲਾਵਾਂ। ਸੱਤਪਾਲ ਸਿੰਘ ਕਾਲਾਬੂਲਾ/ਰਹਿਮਾਨ, ਪੰਜਾਬੀ ਜਾਗਰਣ ਮਾਲੇਰਕੋਟਲਾ : ਪਿੰਡ ਗੁਵਾਰਾ ਦੀਆਂ 11 ਮਹਿਲਾਵਾਂ ਨੇ ਸਾਂਝੀ ਮਿਹਨਤ, ਹਿੰਮਤ ਤੇ ਦ੍ਰਿੜ੍ਹ ਇਰਾਦੇ ਨਾਲ ਸਵੈ-ਸਹਾਇਤਾ ਗਰੁੱਪ ‘ਕਲਪਨਾ ਚਾਵਲਾ’ ਨੂੰ ਸਫਲ ਕਾਰੋਬਾਰੀ ਉਪਰਾਲੇ ਵਿੱਚ ਤਬਦੀਲ ਕਰ ਕੇ ਹੋਰਨਾਂ ਲਈ ਪ੍ਰੇਰਣਾ ਪੈਦਾ ਕੀਤੀ ਹੈ। ਕਰੀਬ ਪੰਜ ਸਾਲ ਪਹਿਲਾਂ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀਆਂ ਮਹਿਲਾਵਾਂ ਵੱਲੋਂ ਸ਼ੁਰੂ ਕੀਤਾ ਗਿਆ ਇਹ ਗਰੁੱਪ ਹੁਣ ਆਪਣੇ ਮਸਾਲਿਆਂ ਨੂੰ ਸਥਾਨਕ ਬਾਜ਼ਾਰ ਤੋਂ ਅੱਗੇ ਲਿਜਾਂਦਿਆਂ ਆਨਲਾਈਨ ਪਲੇਟਫਾਰਮ ਤੱਕ ਲੈ ਗਿਆ ਹੈ। ਗਰੁੱਪ ਦੀ ਮੈਂਬਰ ਕਰਮਜੀਤ ਕੌਰ ਨੇ ਦੱਸਿਆ ਕਿ ਗਰੁੱਪ ਵੱਲੋਂ ਹਲਦੀ, ਮਿਰਚ, ਗਰਮ ਮਸਾਲਾ ਅਤੇ ਧਨੀਆ ਪਾਊਡਰ ਤਿਆਰ ਕੀਤੇ ਜਾਂਦੇ ਹਨ, ਜੋ ਹੁਣ ਆਨਲਾਈਨ ਵੀ ਉਪਲਬਧ ਹਨ। ਜ਼ਿਲ੍ਹਾ ਉਦਯੋਗਿਕ ਕੇਂਦਰ, ਮਾਲੇਰਕੋਟਲਾ ਵੱਲੋਂ ਮਿਲੀ ਤਕਨੀਕੀ ਸਹਾਇਤਾ ਨਾਲ ਉਤਪਾਦਾਂ ਦੀ ਪੈਕਿੰਗ, ਮਾਰਕੀਟਿੰਗ ਅਤੇ ਆਨਲਾਈਨ ਵਿਕਰੀ ਲਈ ਨਵੇਂ ਮੌਕੇ ਪੈਦਾ ਹੋਏ ਹਨ। ਇਸ ਨਾਲ ਪੇਂਡੂ ਮਹਿਲਾਵਾਂ ਵੱਲੋਂ ਤਿਆਰ ਕੀਤੇ ਉਤਪਾਦ ਵੱਡੇ ਬਾਜ਼ਾਰ ਤੱਕ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਆਈਸੀਆਈਸੀਆਈ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰੀਬ 1.50 ਲੱਖ ਰੁਪਏ ਦੀ ਵਿੱਤੀ ਸਹਾਇਤਾ ਨਾਲ ਗਰੁੱਪ ਦੀ ਸ਼ੁਰੂਆਤ ਹੋਈ ਸੀ। ਛੋਟੇ ਪੱਧਰ ਤੋਂ ਸ਼ੁਰੂ ਹੋਏ ਇਸ ਉਪਰਾਲੇ ਨੂੰ ਮਹਿਲਾਵਾਂ ਨੇ ਗੁਣਵੱਤਾ, ਮਿਹਨਤ ਅਤੇ ਲਗਾਤਾਰ ਸਿੱਖਣ ਦੀ ਭਾਵਨਾ ਨਾਲ ਹੌਲੀ-ਹੌਲੀ ਮਜ਼ਬੂਤ ਕਾਰੋਬਾਰ ਦਾ ਰੂਪ ਦਿੱਤਾ। ਇਸ ਉਪਰਾਲੇ ਦੀ ਖਾਸ ਗੱਲ ਇਹ ਹੈ ਕਿ ਗਰੁੱਪ ਨਾਲ ਜੁੜੀਆਂ ਅੱਠ ਵਿਧਵਾ ਮਹਿਲਾਵਾਂ ਆਪਣੇ ਘਰਾਂ ਦੇ ਨੇੜੇ ਹੀ ਕੰਮ ਕਰਕੇ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣ ਰਹੀਆਂ ਹਨ। ਗਰੁੱਪ ਉਨ੍ਹਾਂ ਲਈ ਆਮਦਨ ਦਾ ਸਾਧਨ ਬਣਨ ਦੇ ਨਾਲ-ਨਾਲ ਆਤਮ-ਵਿਸ਼ਵਾਸ ਅਤੇ ਸਮਾਜਿਕ ਸਨਮਾਨ ਹਾਸਲ ਕਰਨ ਦਾ ਮਾਧਿਅਮ ਵੀ ਬਣਿਆ ਹੈ। ਕਰਮਜੀਤ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਰਾਜ ਐੱਸ. ਤਿੜਕੇ ਦੀ ਪਹਿਲਕਦਮੀ ਤਹਿਤ ਪਾਇਲਟ ਪ੍ਰੋਜੈਕਟ ਅਧੀਨ ਸਵੈ-ਸਹਾਇਤਾ ਗਰੁੱਪ ‘ਕਲਪਨਾ ਚਾਵਲਾ’ ਦੇ ਉਤਪਾਦ ਜ਼ਿਲ੍ਹੇ ਦੇ 100 ਸਕੂਲਾਂ ’ਚ ਵਰਤੋਂ ਲਈ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਨਾਲ ਗਰੁੱਪ ਨੂੰ ਇੱਕ ਸਥਿਰ ਬਾਜ਼ਾਰ ਮਿਲਿਆ ਹੈ ਅਤੇ ਮਹਿਲਾਵਾਂ ਦਾ ਹੌਸਲਾ ਵੀ ਵਧਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ ਨੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸਵੈ-ਸਹਾਇਤਾ ਗਰੁੱਪਾਂ ਨੂੰ 30 ਹਜ਼ਾਰ ਰੁਪਏ ਤੱਕ ਦੀ ਰਿਵਾਲਵਿੰਗ ਫੰਡ ਵਜੋਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਤਪਾਦ ਤਿਆਰ ਕਰਨ, ਪੈਕਿੰਗ, ਬ੍ਰਾਂਡਿੰਗ ਅਤੇ ਮਾਰਕੀਟਿੰਗ ਸਬੰਧੀ ਮੁਫ਼ਤ ਤਕਨੀਕੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ‘ਕਲਪਨਾ ਚਾਵਲਾ’ ਗਰੁੱਪ ਦੀ ਸਫਲਤਾ ਹੋਰਨਾਂ ਪੇਂਡੂ ਮਹਿਲਾਵਾਂ ਲਈ ਪ੍ਰੇਰਣਾ ਦਾ ਸਰੋਤ ਹੈ। ਇਹ ਉਪਰਾਲਾ ਦਰਸਾਉਂਦਾ ਹੈ ਕਿ ਜੇਕਰ ਹੌਸਲਾ ਤੇ ਮਿਹਨਤ ਹੋਵੇ ਤਾਂ ਪਿੰਡ ਦੀ ਰਸੋਈ ਤੋਂ ਤਿਆਰ ਹੋਇਆ ਉਤਪਾਦ ਵੀ ਵੱਡੇ ਬਾਜ਼ਾਰ ਤੱਕ ਪਹੁੰਚ ਸਕਦਾ ਹੈ ਤੇ ਮਹਿਲਾਵਾਂ ਆਪਣੇ ਹੁਨਰ ਨੂੰ ਆਮਦਨ ਦੇ ਸਥਾਈ ਸਾਧਨ ’ਚ ਬਦਲ ਸਕਦੀਆਂ ਹਨ।