ਸਰਕਾਰ ਨੇ ਚਾਰ ਸਾਲ ਵਿੱਚ ਹੀ ਵਾਅਦੇ ਪੂਰੇ ਕਰ ਰਚਿਆ ਇਤਿਹਾਸ: ਗੋਇਲ
ਸਰਕਾਰ ਨੇ ਚਾਰ ਸਾਲ ਵਿੱਚ ਹੀ ਵਾਅਦੇ ਪੂਰੇ ਕਰ ਰਚਿਆ ਇਤਿਹਾਸ: ਗੋਇਲ
Publish Date: Thu, 26 Mar 2026 05:08 PM (IST)
Updated Date: Fri, 27 Mar 2026 04:05 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ, ਕਿ ਕਿਸੇ ਸਰਕਾਰ ਨੇ ਆਪਣੇ ਵੱਲੋਂ ਦਿੱਤੀਆਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਹੋਣ, ਉਹ ਵੀ ਚਾਰ ਸਾਲ ਵਿੱਚ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਅਜਿਹਾ ਕਰ ਕੇ ਇਤਿਹਾਸ ਰਚ ਦਿੱਤਾ ਹੈ। ਇਹ ਵਿਚਾਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ 10 ਲੱਖ ਰੁਪਏ ਤਕ ਦੀ ਸਿਹਤ ਗਰੰਟੀ, ਮਹਿਲਾਵਾਂ ਨੂੰ ਸਤਿਕਾਰ ਵਜੋਂ 1000 ਅਤੇ 1500 ਰੁਪਏ ਦੇਣ ਦੀ ਯੋਜਨਾ, ਸਕੂਲ ਆਫ਼ ਐਮੀਨੈਂਸ ਰਾਹੀਂ ਮਿਆਰੀ ਸਿੱਖਿਆ ਅਤੇ ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਇਲਾਜ ਵਰਗੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਪੰਜਾਬ ਦੀ ਸਿੰਚਾਈ ਪ੍ਰਣਾਲੀ ਸਬੰਧੀ ਗੱਲ ਕਰਦਿਆਂ ਕਿਹਾ ਕਿ 1,446 ਪਿੰਡ ਅਜਿਹੇ ਹਨ ਜਿਨ੍ਹਾਂ ਤਕ ਨਹਿਰੀ ਪਾਣੀ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਪਹੁੰਚਿਆ ਗਿਆ ਹੈ। ਸੂਬੇ ਦੇ ਲਗਭਗ 90 ਫ਼ੀਸਦੀ ਘਰੇਲੂ ਬਿਜਲੀ ਖਪਤਕਾਰਾਂ ਨੂੰ 600 ਯੂਨਿਟਾਂ ਤਕ ਸਬਸਿਡੀ ਦੇ ਨਾਲ ਜ਼ੀਰੋ ਬਿੱਲ ਮਿਲ ਰਹੇ ਹਨ। ਇਸ ਤੋਂ ਇਲਾਵਾ, ਸਰਕਾਰ ਵੱਲੋਂ 65,000 ਤੋਂ ਵੱਧ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ 90,000 ਤੋਂ ਵੱਧ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੜਕਾਂ ਦੇ ਵਿਕਾਸ ਵੱਲ ਵੱਡਾ ਧਿਆਨ ਦਿੰਦਿਆਂ ਲਗਭਗ 45,000 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਵੱਡੇ ਪੱਧਰ ਉੱਤੇ ਖੇਡਾਂ ਨਾਲ ਜੋੜਨ ਲਈ ਸੂਬੇ ਵਿੱਚ ਵੱਡੀ ਗਿਣਤੀ ਸਟੇਡੀਅਮ ਬਣਾਏ ਜਾ ਰਹੇ ਹਨ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਵੱਡੇ ਪੱਧਰ ਉੱਤੇ ਜਾਰੀ ਹਨ।ਇਸ ਦੇ ਨਾਲ ਹੀ ਲੋੜਵੰਦ ਪਰਿਵਾਰਾਂ ਨੂੰ 2 ਕਿਲੋ ਦਾਲ, 2 ਕਿਲੋ ਖੰਡ, 1 ਕਿਲੋ ਲੂਣ, 200 ਗ੍ਰਾਮ ਹਲਦੀ ਅਤੇ 1 ਕਿਲੋ ਸਰੋਂ ਦਾ ਤੇਲ ਮੁਹੱਈਆ ਕਰਵਾਉਣ ਦੀ ਯੋਜਨਾ ਲਿਆਂਦੀ ਗਈ ਹੈ।ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪਹਿਲਾਂ 04 ਕਰੋੜ ਰੁਪਏ ਦੀ ਲਾਗਤ ਨਾਲ ਘੱਗਰ ਦਰਿਆ ਦੇ ਕਿਨਾਰੇ ਮਜ਼ਬੂਤ ਕੀਤੇ ਗਏ ਸਨ, ਜਿਸ ਸਦਕਾ ਸਾਲ 2025 ਦੌਰਾਨ ਆਏ ਹੜ੍ਹਾਂ ਦੌਰਾਨ ਭਾਵੇਂ ਘੱਗਰ ਦਰਿਆ ਲਗਾਤਾਰ 10 ਦਿਨ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲਦਾ ਰਿਹਾ ਪਰ ਲੋਕ ਘੱਗਰ ਦੀ ਮਾਰ ਬਚੇ ਰਹੇ ਤੇ ਹੁਣ ਘੱਗਰ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਕਰੀਬ 12.42 ਕਰੋੜ ਰੁਪਏ ਹੋਰ ਖਰਚੇ ਜਾ ਰਹੇ ਹਨ। ਇਸ ਮੌਕੇ ਲੇਹਲ ਕਲਾਂ ਦੇ ਸਰਪੰਚ ਗੁਰਜੀਤ ਸਿੰਘ ਫੌਜੀ, ਜਸਪਾਲ ਸ਼ਰਮਾ ਕਾਲਾ ਸਰਪੰਚ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾਂ ,ਟਰੱਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਗਾਗਾ, ਸੰਮਤੀ ਮੈਂਬਰ ਚਮਕੌਰ ਸਿੰਘ ਸਰਾਓ, ਗੁਰਪ੍ਰੀਤ ਰੰਧਾਵਾ, ਮਾਸਟਰ ਹਰਪਾਲ ਸ਼ਰਮਾਂ ਡੀਐਸਪੀ ਲਹਿਰਾ ਰਣਬੀਰ ਸਿੰਘ, ਥਾਣਾ ਸਦਰ ਮੁਖੀ ਮਨਪ੍ਰੀਤ ਸਿੰਘ ਹਾਜ਼ਰ ਸਨ।