ਕੂੜੇ 'ਚੋਂ ਆ ਰਹੀ ਬਦਬੂ ਨੇ ਵਾਤਾਵਰਨ ਕੀਤਾ ਪ੍ਰਦੂਸ਼ਿਤ ਕੂੜੇ 'ਚੋਂ ਆ ਰਹੀ ਬਦਬੂ ਨੇ ਵਾਤਾਵਰਨ ਕੀਤਾ ਪ੍ਰਦੂਸ਼ਿਤ
Publish Date: Thu, 16 Jul 2026 03:47 PM (IST)
Updated Date: Fri, 17 Jul 2026 04:01 AM (IST)
ਸਫਾਈ ਸੇਵਕਾਂ ਦੀ ਹੜਤਾਲ ਕਾਰਨ ਭਵਾਨੀਗੜ੍ਹ ਗੰਦਗੀ ਦੀ ਲਪੇਟ ’ਚ ਲੋਕਾਂ ਨੇ ਨਗਰ ਕੌਂਸਲ ਨੂੰ ਦਿੱਤੀ ਚਿਤਾਵਨੀ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਫਾਈ ਸੇਵਕਾਂ ਦੀ ਅਣਮਿੱਥੇ ਸਮੇਂ ਲਈ ਜਾਰੀ ਹੜਤਾਲ ਦਾ ਅਸਰ ਹੁਣ ਸ਼ਹਿਰ ਦੀ ਸਾਫ਼-ਸਫ਼ਾਈ ਤੇ ਸਪੱਸ਼ਟ ਤੌਰ ਤੇ ਦਿਖਾਈ ਦੇਣ ਲੱਗਾ ਹੈ। ਸ਼ਹਿਰ ਦੀਆਂ ਮੁੱਖ ਸੜਕਾਂ, ਗਲੀਆਂ, ਬਾਜ਼ਾਰਾਂ ਅਤੇ ਜਨਤਕ ਥਾਵਾਂ ਤੇ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਸ਼ਹਿਰ ਵਿੱਚ ਦਾਖਲ ਹੁੰਦੇ ਹੀ ਸੜਕਾਂ ਦੇ ਕਿਨਾਰਿਆਂ ਤੇ ਪਈ ਗੰਦਗੀ ਅਤੇ ਕੂੜੇ ਦੇ ਅੰਬਾਰ ਨਗਰ ਕੌਂਸਲ ਦੇ ਸਫਾਈ ਪ੍ਰਬੰਧਾਂ ਤੇ ਸਵਾਲ ਖੜ੍ਹੇ ਕਰ ਰਹੇ ਹਨ। ਦਿਨੋਂ-ਦਿਨ ਵੱਧ ਰਹੀ ਗੰਦਗੀ ਕਾਰਨ ਸ਼ਹਿਰ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕੂੜੇ ਦੀ ਚੁਕਾਈ ਨਾ ਹੋਈ ਤਾਂ ਬਰਸਾਤ ਦੇ ਮੌਸਮ ਦੌਰਾਨ ਮੱਛਰਾਂ ਅਤੇ ਮੱਖੀਆਂ ਦੀ ਗਿਣਤੀ ਵਿੱਚ ਵਾਧਾ ਹੋਣ ਨਾਲ ਡੇਂਗੂ, ਮਲੇਰੀਆ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣ ਸਕਦਾ ਹੈ। ਦੀਪਕ ਹਸਪਤਾਲ ਨੇੜੇ ਲੱਗਿਆ ਕੂੜੇ ਦਾ ਅੰਬਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ। ਖਾਸ ਕਰਕੇ ਸਟੇਟ ਬੈਂਕ ਆਫ਼ ਪਟਿਆਲਾ ਅਤੇ ਦੀਪਕ ਹਸਪਤਾਲ ਦੇ ਨੇੜੇ ਕੂੜੇ ਦਾ ਵੱਡਾ ਢੇਰ ਲੋਕਾਂ ਲਈ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਉੱਥੋਂ ਉੱਠ ਰਹੀ ਬਦਬੂ ਜਿੱਥੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੀ ਹੈ, ਉੱਥੇ ਹੀ ਰਾਹਗੀਰਾਂ ਅਤੇ ਆਸ-ਪਾਸ ਦੇ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਇਸ ਸਬੰਧੀ ਸਮਾਜ ਸੇਵੀ ਹਰਭਜਨ ਹੈਪੀ, ਸੁਰਿੰਦਰ ਆਸਟਾ, ਪੰਕਜ ਕੁਮਾਰ, ਵਿਪਨ ਕੁਮਾਰ, ਸਚਿਨ ਮਿੱਤਲ, ਸੁਖਵਿੰਦਰ ਸਿੰਘ, ਬਲਦੇਵ ਸਿੰਘ, ਤਜਿੰਦਰ ਪਾਲ (ਪਾਲੀ), ਗੁਰਪ੍ਰੀਤ ਸਿੰਘ ਸਮੇਤ ਹੋਰ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਨਾਲੀਆਂ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਲ ਕੇ ਘਰਾਂ ਤੱਕ ਸਪਲਾਈ ਹੋ ਰਿਹਾ ਹੈ, ਜਿਸ ਕਾਰਨ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰਾਂ ਦੇ ਨੇੜੇ ਕੂੜੇ ਦੇ ਡੰਪ ਬਣ ਚੁੱਕੇ ਹਨ ਅਤੇ ਜੇਕਰ ਬਰਸਾਤ ਤੋਂ ਪਹਿਲਾਂ ਸਫਾਈ ਨਾ ਕਰਵਾਈ ਗਈ ਤਾਂ ਗੰਭੀਰ ਬਿਮਾਰੀਆਂ ਫੈਲ ਸਕਦੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮਾਈਆਂ ਪੱਤੀ ਵਿਖੇ ਇੱਕ ਨੰਬਰ ਟਿਊਬਲ, ਜਿੱਥੋਂ ਲੋਕਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਹੁੰਦਾ ਹੈ, ਦੇ ਗੇਟ ਅੰਦਰ ਵੀ ਕੂੜੇ ਦਾ ਬਹੁਤ ਬੜਾ ਡੰਪ ਬਣਿਆ ਪਿਆ ਹੈ। ਲੋਕਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਛੇਤੀ ਹੀ ਸ਼ਹਿਰ ਵਿੱਚੋਂ ਕੂੜਾ ਨਾ ਚੁਕਵਾਇਆ ਗਿਆ ਤਾਂ ਉਹ ਸਾਰਾ ਕੂੜਾ ਨਗਰ ਕੌਂਸਲ ਦੇ ਦਫ਼ਤਰ ਵਿੱਚ ਸੁੱਟ ਕੇ ਆਪਣਾ ਰੋਸ ਪ੍ਰਗਟ ਕਰਨਗੇ।