ਰਜਿੰਦਰ ਦੀਪਾ ਨੇ ਰਾਵਣ ਦੇ ਪੁਤਲੇ ਨੂੰ ਕੀਤਾ ਅਗਨ ਭੇਟ ਸ੍ਰੀ ਦੁਰਗਾ ਸ਼ਕਤੀ ਰਾਮਲੀਲਾ ਕਲੱਬ ਵੱਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ
Publish Date: Wed, 21 Oct 2026 04:21 PM (IST)
Updated Date: Thu, 22 Oct 2026 04:01 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਸ੍ਰੀ ਦੁਰਗਾ ਸ਼ਕਤੀ ਰਾਮਲੀਲਾ ਕਲੱਬ ਚੀਮਾ ਮੰਡੀ ਵੱਲੋਂ ਕਲੱਬ ਦੇ ਪ੍ਰਧਾਨ ਗੋਰਾ ਲਾਲ ਦੀ ਅਗਵਾਈ ਹੇਠ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕਰਕੇ ਦੁਸਹਿਰੇ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਰਾਵਣ ਦਹਨ ਦੀ ਰਸਮ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਦੀਪਾ ਵੱਲੋਂ ਨਿਭਾਈ ਗਈ। ਉਨ੍ਹਾਂ ਨੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ। ਰਾਵਣ ਦਹਨ ਦੇ ਨਾਲ ਹੀ ਮੈਦਾਨ ਵਿੱਚ ਮੌਜੂਦ ਲੋਕਾਂ ਨੇ ਬੁਰਾਈ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾਈਆਂ। ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਪ੍ਰਸਿੱਧ ਗੀਤਕਾਰ ਅਤੇ ਗਾਇਕ ਕੁਲਵੰਤ ਉਪਲੀ ਨੇ ਕੀਤਾ। ਉਨ੍ਹਾਂ ਨੇ ਆਪਣੀ ਮੰਚ ਸੰਚਾਲਨ ਦੀ ਕਲਾ ਰਾਹੀਂ ਸਮਾਗਮ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਇਆ।ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਸੀਨੀਅਰ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਸੀਨੀਅਰ ਕਾਂਗਰਸੀ ਆਗੂ ਰਜਿੰਦਰ ਦੀਪਾ, ਸੀਨੀਅਰ ਭਾਜਪਾ ਆਗੂ ਦਾਮਨ ਬਾਜਵਾ ਤੇ ਹਰਮਨਦੇਵ ਬਾਜਵਾ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਕਲੱਬ ਵੱਲੋਂ ਦੁਸਹਿਰੇ ਦੇ ਤਿਉਹਾਰ ਨੂੰ ਸਾਂਝੀਵਾਲਤਾ, ਭਾਈਚਾਰਕ ਸਾਂਝ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦੇ ਸੰਦੇਸ਼ ਨਾਲ ਮਨਾਇਆ ਗਿਆ। ਕਲੱਬ ਪ੍ਰਧਾਨ ਗੋਰਾ ਲਾਲ ਅਤੇ ਕਮੇਟੀ ਮੈਂਬਰਾਂ ਨੇ ਆਏ ਮਹਿਮਾਨਾ ਲੋਕਾਂ ਦਾ ਧੰਨਵਾਦ ਕੀਤਾ।