ਪ੍ਰਸ਼ਾਸਨ ਦੇ ਵਿਸ਼ਵਾਸ ਦਿੱਤੇ ਜਾਣ ਤੋਂ ਬਾਅਦ ਡਰੋਨ ਅਧਿਕਾਰੀਆਂ ਨੂੰ ਛੱਡਿਆ ਪ੍ਰਸ਼ਾਸਨ ਦੇ ਵਿਸ਼ਵਾਸ ਦਿੱਤੇ ਜਾਣ ਤੋਂ ਬਾਅਦ ਡਰੋਨ ਅਧਿਕਾਰੀਆਂ ਨੂੰ ਛੱਡਿਆ ਗਿਆ
Publish Date: Wed, 04 Nov 2026 04:46 PM (IST)
Updated Date: Thu, 05 Nov 2026 04:03 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਿੜ੍ਹਬਾ ਬਲਾਕ ਵੱਲੋਂ ਪਿੰਡ ਮਹਿਲਾਂ ਚੌਂਕ ਵਿਖੇ ਇਕਾਈ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਹੇਠ ਕੇਂਦਰ ਤੋਂ ਆਈ ਟੀਮ ਦਾ ਘਿਰਾਓ ਕੀਤਾ ਗਿਆ। ਦੇਰ ਰਾਤ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਇਸ ਥਾਂ ਉੱਤੋਂ ਦੁਬਾਰਾ ਨਾ ਆਉਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਛੱਡਿਆ ਗਿਆ। ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾਂ, ਬਲਾਕ ਖ਼ਜ਼ਾਨਚੀ ਜਗਦੀਪ ਸਿੰਘ ਮਹਿਲਾਂ, ਜ਼ਿਲ੍ਹਾ ਖ਼ਜ਼ਾਨਚੀ ਅਮਨਦੀਪ ਸਿੰਘ ਮਹਿਲਾਂ, ਭਵਾਨੀਗੜ੍ਹ ਬਲਾਕ ਦੇ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਤੇ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਨੇ ਕਿਹਾ ਮੋਦੀ ਸਰਕਾਰ ਵੱਲੋਂ ਝੋਨੇ ਦੀ ਰਹਿੰਦ-ਖੂੰਹਦ ਪਰਾਲੀ ਨੂੰ ਅੱਗ ਲਾਉਣ ਦੇ ਨਾਂ ਤੇ ਕਿਸਾਨਾਂ ਤੇ ਸਖ਼ਤ ਕਾਰਵਾਈ, ਭਾਰੀ ਜੁਰਮਾਨੇ ਅਤੇ ਪਰਚੇ ਪਾਉਣ ਲਈ ਪਿੰਡਾਂ ਵਿੱਚ ਟੀਮਾਂ ਭੇਜੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਖੇਤਾਂ ਵਿੱਚ ਡਰੋਨ ਚਾੜ੍ਹ ਕੇ ਲੋਕੇਸ਼ਨ ਭੇਜ ਕੇ ਕਿਸਾਨਾਂ ਤੇ ਪਰਚੇ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਕਿਸਾਨ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ, ਜੋ ਪੂਰੇ ਦੇਸ਼ ਦਾ ਢਿੱਡ ਭਰਦਾ ਹੈ, ਸਰਕਾਰ ਦਾ ਖ਼ਜ਼ਾਨਾ ਭਰਨ ਵਿੱਚ ਜਿਸਦਾ ਸਭ ਤੋਂ ਵੱਡਾ ਰੋਲ ਹੈ, ਅੱਜ ਉਸੇ ਨੂੰ ਦੋਸ਼ੀ ਬਣਾ ਕੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਤੁਸੀਂ ਵਾਤਾਵਰਣ ਖ਼ਰਾਬ ਕਰਦੇ ਹੋ, ਪਾਣੀ ਦੂਸ਼ਿਤ ਕਰਦੇ ਹੋ, ਜ਼ਮੀਨਾਂ ਖ਼ਰਾਬ ਕਰਦੇ ਹੋ। ਪਰ ਅਸਲੀਅਤ ਇਹ ਹੈ ਕਿ ਨਾ ਤਾਂ ਜੀਰੀ ਦਾ ਬੀਜ ਕਿਸਾਨ ਦੇ ਘਰ ਬਣਦਾ ਸੀ, ਨਾ ਹੀ ਸਪਰੇਅ ਕਿਸਾਨ ਦੇ ਘਰ ਬਣਦੀ ਸੀ। ਇਹ ਸਭ ਹਰੀ ਕ੍ਰਾਂਤੀ ਦੇ ਨਾਂ ਤੇ ਕਿਸਾਨ ਦੇ ਸਿਰ ਮੜ੍ਹੀਆਂ ਗਈਆਂ। ਇਸ ਤੋਂ ਮੁਨਾਫ਼ਾਖੋਰਾਂ ਨੇ ਕਰੋੜਾਂ ਦੀ ਕਮਾਈ ਕਰਕੇ ਵੱਡੇ ਕਾਰੋਬਾਰ ਖੜ੍ਹੇ ਕਰ ਲਏ, ਜਦਕਿ ਮਿੱਟੀ ਨਾਲ ਮਿੱਟੀ ਹੁੰਦਾ ਕਿਸਾਨ ਕਰਜ਼ੇ ਦੀ ਦਲਦਲ ਚ ਡੁੱਬ ਕੇ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਸਰਕਾਰਾਂ ਅਤੇ ਕਾਰਪੋਰੇਟ ਘਰਾਣੇ ਕਿਸਾਨਾਂ ਦੀਆਂ ਜ਼ਮੀਨਾਂ, ਜਲ, ਜੰਗਲ ਸਭ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਪਰ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਅਤੇ ਹਮੇਸ਼ਾ ਵਿਰੋਧ ਕਰਦੇ ਰਹਿਣਗੇ। ਅਖ਼ੀਰ ਵਿੱਚ ਪ੍ਰਸ਼ਾਸਨ ਨੂੰ ਵਿਸ਼ਵਾਸ ਦਵਾਉਣਾ ਪਿਆ ਕਿ ਅੱਗੇ ਤੋਂ ਪਿੰਡ ਮਹਿਲਾਂ ਚੌਂਕ ਵਿੱਚ ਪਰਾਲੀ ਦੇ ਮੁੱਦੇ ਤੇ ਕਿਸੇ ਵੀ ਕਿਸਾਨ ਨੂੰ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਘਿਰਾਓ ਕੀਤੇ ਅਧਿਕਾਰੀਆਂ ਨੂੰ ਜਾਣ ਦਿੱਤਾ ਗਿਆ। ਪਿੰਡ ਇਕਾਈ ਦੇ ਆਗੂ ਗੁਰਜੰਟ ਸਿੰਘ, ਖਰਾ, ਚਮਕੌਰ ਸਿੰਘ, ਗੁਰਸੇਵਕ ਸਿੰਘ ਸੋਹੀ, ਦਰਸ਼ਨ ਸਿੰਘ ਮਾਨ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ-ਮਜ਼ਦੂਰ ਸ਼ਾਮਲ ਹੋਏ।