
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਡ ਰੱਤਾਖੇਡ਼ਾ ਦਾ ਵਿਕਾਸ ਪੱਖੋਂ ਬੁਰਾ ਹਾਲ, ਸਮਾਜ ਸੇਵੀ ਰਾਕੇਸ਼ ਕੁਮਾਰ ਬੱਗਾ ਨੇ ਲਿਆ ਜਾਇਜ਼ਾ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪਿੰਡ ਰੱਤਾਖੇਡ਼ਾ ਵਿਖੇ ਉੱਘੇ ਸਮਾਜ ਸੇਵੀ ਰਾਕੇਸ਼ ਕੁਮਾਰ ਬੱਗਾ ਨੇ ਆਪਣੀ ਟੀਮ ਸਤਪਾਲ ਮਹਿਰਾ, ਸਵਰਨ ਸਿੰਘ ਬਾਜਵਾ, ਬਲਬੀਰ ਸਿੰਘ ਨਾਲ ਪਿੰਡ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਪਿੰਡ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ, ਜਿੱਥੇ ਕਿ ਪਿੰਡ ਦੀਆਂ ਗਲੀਆਂ-ਨਾਲੀਆਂ ਦੀ ਹਾਲਤ ਬੇਹੱਦ ਖਰਾਬ ਹੈ। ਥਾਂ-ਥਾਂ ’ਤੇ ਗੰਦਾ ਪਾਣੀ ਖਡ਼੍ਹਾ ਹੈ। ਪਿੰਡ ਨੂੰ ਜਾਂਦੀ ਮੁੱਖ ਸਡ਼ਕ ਟੁੱਟੀ ਹੋਈ ਹੈ, ਜਿਸ ਕਾਰਨ ਆਉਣ-ਜਾਣ ’ਚ ਭਾਰੀ ਪਰੇਸ਼ਾਨੀ ਹੁੰਦੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਦੂਜੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਰਾਕੇਸ਼ ਕੁਮਾਰ ਬੱਗਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਬੱਗਾ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਦਾ ਹੈ ਅਤੇ ਹਮੇਸ਼ਾ ਲੋਕਾਂ ਵਿਚ ਵਿਚਰਦਾ ਹੈ। ਬੱਗਾ ਨੇ ਕਿਹਾ ਕਿ ਸਨੌਰ ਹਲਕੇ ਜੋ ਕਿ ਪਟਿਆਲਾ ਦੇ ਨਜ਼ਦੀਕ ਪੈਂਦਾ ਹੈ ਫਿਰ ਵੀ ਰੱਤਾਖੇਡ਼ਾ ਪਿੰਡ ਵਿਕਾਸ ਪੱਖੋਂ ਪੱਛਡ਼ਿਆ ਹੋਇਆ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਮੈਂ ਪਿੰਡ ਦੀਆਂ ਸਮੱਸਿਆਵਾਂ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਸਬੰਧਤ ਵਿਭਾਗਾਂ ਤੱਕ ਪਹੁੰਚਾਵਾਂਗਾ ਅਤੇ ਇਨ੍ਹਾਂ ਨੂੰ ਹੱਲ ਕਰਵਾਵਾਂਗਾ।