ਮੁੱਦਿਆਂ ਦੀ ਥਾਂ 'ਹਉਮੈ' ਦੀ ਲੜਾਈ ਹੋ ਰਹੀ ਭਾਰੂ : ਢੀਂਡਸਾ
ਮੁੱਦਿਆਂ ਦੀ ਥਾਂ 'ਹਉਮੈ' ਦੀ ਲੜਾਈ ਹੋ ਰਹੀ ਭਾਰੂ - ਢੀਂਡਸਾ
Publish Date: Sat, 21 Feb 2026 03:46 PM (IST)
Updated Date: Sun, 22 Feb 2026 04:01 AM (IST)

ਕਿਹਾ- ਲੀਡਰ ਪੰਜਾਬ ਦਾ ਬੇੜਾ ਗਰਕ ਕਰਨ ਚ ਨਹੀਂ ਛੱਡ ਰਹੇ ਕੋਈ ਕਸਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਨਾਮ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੂਬੇ ਦੀ ਸਿਆਸੀ ਲੀਡਰਸ਼ਿਪ ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਹੈ ਕਿ ਅੱਜ ਪੰਜਾਬ ਦੇ ਹਿੱਤਾਂ ਦੀ ਗੱਲ ਕੋਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਆਗੂ ਸਿਰਫ਼ ਆਪਣੀ ਹਉਮੈ ਅਤੇ ਆਪਣੀ ਹੋਂਦ ਬਚਾਉਣ ਦੀ ਲੜਾਈ ਵਿੱਚ ਰੁੱਝੇ ਹੋਏ ਹਨ, ਜਦਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ ਸੂਲ਼ੀ ਤੇ ਟੰਗ ਦਿੱਤਾ ਗਿਆ ਹੈ। ਸੁਨਾਮ ਵਿਖੇ ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਚੌਹਾਨ ਦੀ ਸਿਹਤ ਦਾ ਹਾਲ ਜਾਣਨ ਪਹੁੰਚੇ ਪਰਮਿੰਦਰ ਸਿੰਘ ਢੀਂਡਸਾ ਨੇ ਮੌਜੂਦਾ ਹਾਲਾਤ ਤੇ ਵਰ੍ਹਦਿਆਂ ਕਿਹਾ ਕਿ ਸਿਆਸਤ ਹੁਣ ਸਿਰਫ਼ ਖੋਖਲੇ ਨਾਅਰਿਆਂ ਅਤੇ ਸਲੋਗਨਾਂ ਤੱਕ ਸਿਮਟ ਕੇ ਰਹਿ ਗਈ ਹੈ। ਪੰਜਾਬ ਗੰਭੀਰ ਸੰਕਟ ਵਿੱਚ ਹੈ ਪਰ ਲੀਡਰ ਆਪਣੀ ਸਿਆਸਤ ਚਮਕਾਉਣ ਵਿੱਚ ਮਸਤ ਹਨ। ਸੁਖਬੀਰ ਦੀ ਜ਼ਿੱਦ ਨੇ ਅਕਾਲੀ ਦਲ ਨੂੰ ਉਲਝਾਇਆ ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੱਦੀ ਫ਼ਿਤਰਤ ਕਾਰਨ ਅੱਜ ਅਕਾਲੀ ਦਲ ਦੀ ਸਥਿਤੀ ਗੁੰਝਲਦਾਰ ਹੋ ਚੁੱਕੀ ਹੈ। ਅਕਾਲ ਤਖ਼ਤ ਸਾਹਿਬ ਨਾਲ ਜੁੜੇ ਸੰਵੇਦਨਸ਼ੀਲ ਮਾਮਲੇ ਅਤੇ ਪੰਥਕ ਮਸਲੇ ਲਟਕ ਰਹੇ ਹਨ, ਪਰ ਲੀਡਰਸ਼ਿਪ ਸਿਰਫ਼ ਬਿਆਨਬਾਜ਼ੀ ਤੱਕ ਸੀਮਤ ਹੈ। ਬਿਕਰਮ ਸਿੰਘ ਮਜੀਠੀਆ ਵੱਲੋਂ ਅਕਾਲੀ ਦਲਾਂ ਵਿੱਚ ਏਕਤਾ ਦੀਆਂ ਗੱਲਾਂ ਨੂੰ ਉਨ੍ਹਾਂ ਨੇ ਸਿਰਫ਼ ਡਰਾਮੇਬਾਜ਼ੀ ਕਰਾਰ ਦਿੱਤਾ। ਉਨ੍ਹਾਂ ਕਿਸਾਨੀ ਮੁੱਦਿਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਿਆਂ ਕਿਹਾ ਕਿ ਜਿਸ ਆਪ ਸਰਕਾਰ ਨੇ ਦਿੱਲੀ ਅੰਦੋਲਨ ਅਤੇ ਕਿਸਾਨਾਂ ਦੇ ਮੋਢਿਆਂ ਤੇ ਚੜ੍ਹਕੇ ਸੱਤਾ ਹਾਸਲ ਕੀਤੀ, ਅੱਜ ਉਹੀ ਸਰਕਾਰ ਕਿਸਾਨਾਂ ਤੇ ਅੱਤਿਆਚਾਰ ਕਰ ਰਹੀ ਹੈ। ਮਾਨ ਸਰਕਾਰ ਦੀ ਮਾਨਸਿਕਤਾ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਅਤੇ ਦਮਨਕਾਰੀ ਹੋ ਚੁੱਕੀ ਹੈ। ਇਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਮੰਦਭਾਗਾ ਦੌਰ ਹੈ। ਨਵੀਂ ਪਾਰਟੀ ਦੀ ਤਿਆਰੀ, ਹੋਲਾ-ਮਹੱਲਾ ਚ ਦਿਖਾਉਣਗੇ ਦਮ ਉਨ੍ਹਾਂ ਐਲਾਨ ਕੀਤਾ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਅਰਜ਼ੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਗਾਮੀ ਹੋਲਾ-ਮਹੱਲਾ ਦੌਰਾਨ ਪਾਰਟੀ ਪੂਰੀ ਤਿਆਰੀ ਨਾਲ ਮੈਦਾਨ ਵਿੱਚ ਨਿੱਤਰੇਗੀ ਅਤੇ ਆਪਣੀ ਸਿਆਸੀ ਸ਼ਕਤੀ ਦਾ ਪ੍ਰਦਰਸ਼ਨ ਕਰੇਗੀ। ਇਸ ਮੌਕੇ ਬਲਜਿੰਦਰ ਸਿੰਘ ਕਾਕਾ ਠੇਕੇਦਾਰ, ਗੁਰਪ੍ਰੀਤ ਸਿੰਘ ਚੀਮਾਂ, ਰਵਿੰਦਰ ਗੋਰਖਾ, ਮਨਦੀਪ ਸਿੰਘ ਹਾਜ਼ਰ ਸਨ।