ਬੰਦ ਦੇ ਸੱਦੇ ਨੂੰ ਬਨੂੜ ਖੇਤਰ ’ਚ ਮਿਲਿਆ ਭਰਵਾਂ ਹੁੰਗਾਰਾ, ਕੀਤੀ ਨਾਅਰੇਬਾਜ਼ੀ ਬੰਦ ਦੇ ਸੱਦੇ ਨੂੰ ਬਨੂੜ ਖੇਤਰ ਵਿੱਚ ਮਿਲਿਆ ਭਰਵਾਂ ਹੁੰਗਾਰਾ, ਕੀਤੀ ਨਾਅਰੇਬਾਜ਼ੀ
Publish Date: Fri, 21 Aug 2026 04:44 PM (IST)
Updated Date: Fri, 21 Aug 2026 04:45 PM (IST)
ਫੋਟੋ 21ਪੀਟੀਐਲ: 11,12: ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਬਨੂੜ ਤੇ ਆਸ-ਪਾਸ ਦੇ ਇਲਾਕਿਆਂ ਵਿਚ ਭਰਵਾਂ ਅਸਰ ਦੇਖਣ ਨੂੰ ਮਿਲਿਆ। ਬਨੂੜ ਸ਼ਹਿਰ ਤੋਂ ਇਲਾਵਾ ਮਾਣਕਪੁਰ, ਗੱਜੂ ਖੇੜਾ ਤੇ ਜਾਂਸਲੇ ਦੇ ਬਾਜ਼ਾਰ ਪੂਰਨ ਤੌਰ ’ਤੇ ਬੰਦ ਰਹੇ। ਕਿਸਾਨ ਆਗੂਆਂ ਦੀ ਅਗਵਾਈ ਹੇਠ ਬਨੂੜ ਬੈਰੀਅਰ ’ਤੇ ਆਵਾਜਾਈ ਰੋਕ ਕੇ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸੇ ਦੌਰਾਨ ਅਜ਼ੀਜਪੁਰ ਟੋਲ ਪਲਾਜ਼ਾ ਨੂੰ ਪਰਚੀ ਮੁਕਤ ਕਰਵਾਇਆ ਗਿਆ। ਪਿੰਡ ਜੰਗਪੁਰਾ ਦੇ ਵਸਨੀਕਾਂ ਨੇ ਵੀ ਬਨੂੜ-ਰਾਜਪੁਰਾ ਕੌਮੀ ਮਾਰਗ ’ਤੇ ਟਰਾਲੀਆਂ ਲਗਾ ਕੇ ਆਵਾਜਾਈ ਠੱਪ ਕੀਤੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵਿਚ ਹੋ ਰਹੀ ਦੇਰੀ ਸਿੱਖ ਭਾਈਚਾਰੇ ਨਾਲ ਵਿਤਕਰਾ ਹੈ। ਉਨ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਨਾ ਮਿਲਣ ਦਾ ਮੁੱਦਾ ਵੀ ਉਠਾਇਆ ਤੇ ਕੇਂਦਰ ਸਰਕਾਰ ਦੀ ਨੀਤੀ ’ਤੇ ਸਵਾਲ ਖੜ੍ਹੇ ਕੀਤੇ। ਧਰਨਿਆਂ ਦੌਰਾਨ ਲੋਕਾਂ ਨੇ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਗਤ ਲਈ ਚਾਹ ਅਤੇ ਪ੍ਰਸ਼ਾਦੇ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਪਵਿੱਤਰ ਸਿੰਘ ਧਰਮਗੜ੍ਹ, ਲਾਲੂ ਕੰਬੋਜ, ਮੋਟੀ ਜੰਗਪੁਰਾ, ਕੇਸਰ ਸਿੰਘ ਕਨੋੜ, ਗਿਆਨੀ ਗੁਰਬਚਨ ਸਿੰਘ ਬਨੂੜ, ਸਰਪੰਚ ਗੁਰਬਚਨ ਸਿੰਘ ਪ੍ਰੇਮਗੜ, ਕੁਲਵੰਤ ਸਿੰਘ, ਮਨਜੀਤ ਸਿੰਘ ਤੰਗੋਰੀ ਸਾਬਕਾ ਸਰਪੰਚ, ਮਨਜੀਤ ਸਿੰਘ ਮੋਟੇ ਮਾਜਰਾ, ਹਰਜੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਸਿਆਊ, ਟਿੱਕਾ ਸਿੰਘ ਹੁਲਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।