ਮੋਰਚਰੀ ਅੱਗੇ ਪੀੜਤ ਪਰਿਵਾਰ ਦਾ ਪੱਕਾ ਮੋਰਚਾ ਜਾਰੀ ਮੋਰਚਰੀ ਅੱਗੇ ਪੀੜਤ ਪਰਿਵਾਰ ਦਾ ਪੱਕਾ ਮੋਰਚਾ ਜਾਰੀ
Publish Date: Wed, 30 Sep 2026 07:04 PM (IST)
Updated Date: Thu, 01 Oct 2026 04:04 AM (IST)
ਪੰਜਵੇ ਦਿਨ ਸੰਗਰੂਰ-ਬਠਿੰਡਾ ਰੋਡ ਤੇ ਲਾਇਆ ਜਾਮ, ਨਾਅਰੇਬਾਜੀ ਕੀਤੀ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਨਜ਼ਦੀਕੀ ਪਿੰਡ ਕਨੋਈ ਦੇ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਸਰਪੰਚ ਸਮੇਤ ਹੋਰ ਮੁਲਜ਼ਮਾਂ ਖ਼ਿਲਾਫ਼ ਦਰਜ ਕੇਸ ਵਿੱਚ ਐੱਸਸੀ-ਐੱਸਟੀ ਐਕਟ ਦੀਆਂ ਧਾਰਾਵਾਂ ਸ਼ਾਮਲ ਕਰਵਾਉਣ ਲਈ ਸਿਵਲ ਹਸਪਤਾਲ ਦੀ ਮੋਰਚਰੀ ਸਾਹਮਣੇ ਪਰਿਵਾਰ ਵੱਲੋਂ ਲਾਇਆ ਪੱਕਾ ਮੋਰਚਾ ਬੁੱਧਵਾਰ ਨੂੰ ਪੰਜਵੇਂ ਦਿਨ ਵੀ ਜਾਰੀ ਰਿਹਾ। ਪੰਜ ਦਿਨ ਬਾਅਦ ਵੀ ਐੱਸਸੀ-ਐੱਸਟੀ ਐਕਟ ਦੀ ਧਾਰਾ ਸ਼ਾਮਲ ਨਾ ਕੀਤੇ ਜਾਣ ਦੇ ਰੋਸ ਵਜੋਂ ਪਰਿਵਾਰ ਨੇ ਦੁਪਹਿਰ ਬਾਅਦ ਹਸਪਤਾਲ ਨੇੜੇ ਸੰਗਰੂਰ-ਬਠਿੰਡਾ ਮੇਨ ਰੋਡ ’ਤੇ ਮਹਾਵੀਰ ਚੌਕ ਦੇ ਫਲਾਈਓਵਰ ਸਾਹਮਣੇ ਧਰਨਾ ਲਾਇਆ। ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਠੱਪ ਕਰਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਡੀਐੱਸਪੀ ਭਵਾਨੀਗੜ੍ਹ ਵਿਚਕਾਰ ਹਲਕੀ ਤਕਰਾਰ ਵੀ ਹੋਈ। ਪਰਿਵਾਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੁਲਜ਼ਮਾਂ ਖ਼ਿਲਾਫ਼ ਦਰਜ ਕੇਸ ਵਿੱਚ ਐੱਸਸੀ-ਐੱਸਟੀ ਐਕਟ ਦੀਆਂ ਧਾਰਾਵਾਂ ਸ਼ਾਮਲ ਕਰਨ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਪਰਿਵਾਰ ਸਖ਼ਤ ਰੁਖ਼ ਅਪਣਾਉਣ ਲਈ ਮਜਬੂਰ ਹੋਵੇਗਾ। ਪੁਲਿਸ ਨੇ ਸਰਪੰਚ, ਉਸ ਦੇ ਭਰਾ, ਇੱਕ ਸਾਬਕਾ ਪੰਚ ਅਤੇ ਉਸ ਦੀ ਪਤਨੀ ਖ਼ਿਲਾਫ਼ ਲੰਬੇ ਸੰਘਰਸ਼ ਤੋਂ ਬਾਅਦ ਭਾਵੇਂ ਕੇਸ ਦਰਜ ਕਰ ਲਿਆ ਹੈ ਪਰ ਦੋ ਦਿਨ ਬੀਤ ਜਾਣ ਦੇ ਬਾਵਜੂਦ ਪਰਿਵਾਰ ਦੀ ਮੰਗ ਅਨੁਸਾਰ ਕੇਸ ਵਿੱਚ ਐੱਸਸੀ-ਐੱਸਟੀ ਐਕਟ ਦੀ ਧਾਰਾ ਸ਼ਾਮਲ ਨਹੀਂ ਕੀਤੀ ਗਈ। ਅਜੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਮਾਮਲੇ ਨੂੰ ਲਟਕਾ ਕੇ ਪਰਿਵਾਰ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਪਰਿਵਾਰ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਵੇਗਾ, ਜਿਸ ਲਈ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਪੁਲਿਸ ਪ੍ਰਸ਼ਾਸਨ ਨੇ ਪਰਿਵਾਰ ਨੂੰ ਅਗਲੇ 24 ਘੰਟਿਆਂ ਵਿੱਚ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਪਰਿਵਾਰ ਨੇ ਮੇਨ ਰੋਡ ਤੋਂ ਧਰਨਾ ਹਟਾ ਦਿੱਤਾ ਅਤੇ ਸਿਵਲ ਹਸਪਤਾਲ ਦੀ ਮੋਰਚਰੀ ਸਾਹਮਣੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ।