ਪੀੜਤ ਪਰਿਵਾਰ ਦਾ ਦੂਜੇ ਦਿਨ ਵੀ ਹਸਪਤਾਲ ਦੀ ਮੋਰਚਰੀ ਅੱਗੇ ਧਰਨਾ ਜਾਰੀ ਪੀੜਤ ਪਰਿਵਾਰ ਦਾ ਦੂਜੇ ਦਿਨ ਵੀ ਹਸਪਤਾਲ ਦੀ ਮੋਰਚਰੀ ਅੱਗੇ ਧਰਨਾ ਜਾਰੀ
Publish Date: Sun, 27 Sep 2026 06:26 PM (IST)
Updated Date: Mon, 28 Sep 2026 04:04 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ ਪਿੰਡ ਕਨੋਈ ਵਿੱਚ ਇੱਕ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਐਤਵਾਰ ਨੂੰ ਦੂਜੇ ਦਿਨ ਵੀ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਦੇ ਸਾਹਮਣੇ ਲਾਇਆ ਧਰਨਾ ਜਾਰੀ ਰਿਹਾ। ਅੱਜ ਵੀ ਪਰਿਵਾਰ ਵੱਲੋਂ ਕੋਈ ਬਿਆਨ ਦਰਜ ਨਾ ਕਰਵਾਏ ਜਾਣ ਕਾਰਨ ਨਾ ਤਾਂ ਮ੍ਰਿਤਕ ਦਾ ਪੋਸਟਮਾਰਟਮ ਹੋ ਸਕਿਆ ਅਤੇ ਨਾ ਹੀ ਪੁਲਿਸ ਕਾਰਵਾਈ ਅੱਗੇ ਵਧ ਸਕੀ। ਐਤਵਾਰ ਨੂੰ ਕਾਂਗਰਸੀ ਆਗੂ ਰਾਜਿੰਦਰ ਦੀਪਾ, ਧੂਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਭਾਜਪਾ ਦੀ ਜ਼ਿਲ੍ਹਾ ਪ੍ਰਧਾਨ-2 ਦਾਮਨ ਬਾਜਵਾ, ਹਰਮਨਦੇਵ ਬਾਜਵਾ ਅਤੇ ਹੋਰ ਸਿਆਸਤਦਾਨ ਪੀੜਤ ਪਰਿਵਾਰ ਦੇ ਹੱਕ ਵਿੱਚ ਧਰਨੇ ਵਿੱਚ ਪਹੁੰਚੇ। ਧਰਨੇ ਵਾਲੀ ਥਾਂ ’ਤੇ ਏਹਤਿਆਤ ਵਜੋਂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਦੂਜੇ ਪਾਸੇ, ਉਕਤ ਘਟਨਾਕ੍ਰਮ ਤੋਂ ਬਾਅਦ ਪੰਚਾਇਤ ਯੂਨੀਅਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਦੀ ਅਗਵਾਈ ਹੇਠ ਇਲਾਕੇ ਦੇ ਸਰਪੰਚਾਂ ਅਤੇ ਪਿੰਡ ਵਾਸੀਆਂ ਨੇ ਡੀਐਸਪੀ ਸੰਗਰੂਰ ਦਲਬੀਰ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਨ, ਸਰਪੰਚਾਂ ’ਤੇ ਹਰ ਰੋਜ਼ ਝੂਠੇ ਦੋਸ਼ ਲਗਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਅਜਿਹੇ ਮਾਮਲਿਆਂ ’ਤੇ ਨਕੇਲ ਕੱਸਣ ਦੀ ਮੰਗ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਯੂਨੀਅਨ ਦੇ ਕਾਰਕੁਨਾਂ ਨੇ ਇਸ ਦੌਰਾਨ ਦੋਸ਼ ਲਾਇਆ ਕਿ ਕੁਝ ਸਿਆਸੀ ਪਾਰਟੀਆਂ ਇਸ ਘਟਨਾ ਨੂੰ ਗਲਤ ਰੰਗ ਦੇ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਕਾਰਨ ਪੁਲਿਸ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਪੰਚਾਇਤ ਯੂਨੀਅਨ ਦੇ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਨੇ ਕਿਹਾ ਕਿ ਸਬੰਧਤ ਵਿਅਕਤੀ ਨੇ ਹਸਪਤਾਲ ਵਿੱਚ ਡਾਕਟਰਾਂ ਦੇ ਸਾਹਮਣੇ ਕਥਿਤ ਤੌਰ ’ਤੇ ਦੱਸਿਆ ਸੀ ਕਿ ਉਸ ਨੇ ਘਰੇਲੂ ਵਿਵਾਦ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਪੀਤੀ ਸੀ। ਯੂਨੀਅਨ ਆਗੂਆਂ ਮੁਤਾਬਕ, ਪਿੰਡ ਦੀ ਹੀ ਇੱਕ ਔਰਤ ਨਾਲ ਉਕਤ ਨੌਜਵਾਨ ਦੇ ਸਬੰਧਾਂ ਨੂੰ ਲੈ ਕੇ ਘਰ ਵਿੱਚ ਹੋਏ ਵਿਵਾਦ ਅਤੇ ਕਥਿਤ ਕੁੱਟਮਾਰ ਕਾਰਨ ਉਹ ਪ੍ਰੇਸ਼ਾਨ ਸੀ, ਜਿਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਸਿਆਸੀ ਮੁੱਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਪਿੰਡ ਕਨੋਈ ਦੇ ਸਰਪੰਚ ਦੀਪ ਸਿੰਘ ਬਾਵਾ ਨੇ ਕਿਹਾ ਕਿ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ ਹੈ ਅਤੇ ਮ੍ਰਿਤਕ ਨਾਲ ਵੀ ਉਨ੍ਹਾਂ ਦੀ ਲੰਬੇ ਸਮੇਂ ਤੋਂ ਕੋਈ ਗੱਲਬਾਤ ਨਹੀਂ ਸੀ। ਸਰਪੰਚ ਨੇ ਦੋਸ਼ ਲਾਇਆ ਕਿ ਵਿਰੋਧੀ ਕਾਂਗਰਸ ਸਮਰਥਕ ਸਰਪੰਚ ਅਤੇ ਹੋਰ ਸਿਆਸੀ ਪਾਰਟੀਆਂ ਜਾਣਬੁੱਝ ਕੇ ਉਨ੍ਹਾਂ ਦਾ ਨਾਮ ਇਸ ਮਾਮਲੇ ਵਿੱਚ ਘਸੀਟ ਰਹੀਆਂ ਹਨ। ਸਰਪੰਚ ਨੇ ਕਿਹਾ ਕਿ ਘਟਨਾ ਬੇਹੱਦ ਦੁਖਦਾਈ ਹੈ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਪਰਿਵਾਰ ਵੱਲੋਂ ਉਨ੍ਹਾਂ ’ਤੇ ਲਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਡੀਐੱਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਡਾਕਟਰਾਂ ਮੁਤਾਬਕ ਮ੍ਰਿਤਕ ਨੇ ਆਪਣੇ ਘਰ ਵਾਲਿਆਂ ਤੋਂ ਪ੍ਰੇਸ਼ਾਨ ਹੋ ਕੇ ਇਹ ਕਦਮ ਚੁੱਕਣ ਦੀ ਗੱਲ ਕਹੀ ਸੀ। ਅਗਲੇ ਦਿਨ ਮ੍ਰਿਤਕ ਦੇ ਪਰਿਵਾਰ ਨੇ ਸਰਪੰਚ, ਉਸ ਦੀ ਪਤਨੀ ਅਤੇ ਦੋ ਹੋਰ ਵਿਅਕਤੀਆਂ ’ਤੇ ਦੋਸ਼ ਲਾਏ। ਹਾਲਾਂਕਿ, ਪੁਲਿਸ ਦੇ ਸਾਹਮਣੇ ਅਜੇ ਤੱਕ ਵੀਡੀਓ, ਆਡੀਓ ਜਾਂ ਸੁਸਾਈਡ ਨੋਟ ਵਰਗਾ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ। ਡੀਐਸਪੀ ਨੇ ਸਪੱਸ਼ਟ ਕੀਤਾ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।