ਜ਼ਿੰਦਗੀ ਦੀ ਹਰ ਜੰਗ ਮਨ ਤੇ ਸਿੱਖਿਆ ਨਾਲ ਜਿੱਤੀ ਜਾ ਸਕਦੀ : ਕਟਾਰੀਆ ਥਾਪਰ ਇੰਸਟੀਚਿਊਟ ਦੇ 70 ਸਾਲ ਪੂਰੇ: ਰਾਜਪਾਲ ਵੱਲੋਂ ਕਨਵੋਕੇਸ਼ਨ ’ਚ ਵਿਦਿਆਰਥੀਆਂ ਨੂੰ ਕੀਤੀਆ ਡਿਗਰੀਆਂ ਪ੍ਰਦਾਨ
Publish Date: Mon, 02 Nov 2026 05:48 PM (IST)
Updated Date: Mon, 02 Nov 2026 05:50 PM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, •ਪਟਿਆਲਾ : ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪਟਿਆਲਾ ਵਿਖੇ ਆਪਣੇ ਤਿੰਨ ਰੋਜ਼ਾ ਕਨਵੋਕੇਸ਼ਨ 2026 ਦੀ ਸ਼ੁਰੂਆਤ ਕੀਤੀ। ਇਸ ਸਾਲ ਸੰਸਥਾ ਆਪਣੀ ਸਥਾਪਨਾ ਦੇ 70 ਸਾਲ ਪੂਰੇ ਕਰ ਰਹੀ ਹੈ। ਇਸ ਸਮਾਗਮ ’ਚ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। 2 ਤੋਂ 4 ਨਵੰਬਰ ਤੱਕ ਚੱਲਣ ਵਾਲੇ ਇਸ ਕਨਵੋਕੇਸ਼ਨ ਦੌਰਾਨ ਕੁੱਲ 3,359 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਪਹਿਲਾ ਦਿਨ ਪੀਐਚਡੀ ਡਿਗਰੀਆਂ ਤੇ ਮੈਡਲਾਂ ਨੂੰ ਸਮਰਪਿਤ ਰਿਹਾ।ਰਾਜਪਾਲ ਕਟਾਰੀਆ ਦਾ ਸਵਾਗਤ ਚਾਂਸਲਰ ਡਾ. ਆਰ. ਆਰ. ਵੇਦਰਾਹ ਨੇ ਕੀਤਾ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਪਦਮਕੁਮਾਰ ਨਾਇਰ, ਪ੍ਰੋ ਵਾਈਸ ਚਾਂਸਲਰ ਪ੍ਰੋ. ਅਜੈ ਬਤਿਸ਼ ਅਤੇ ਐਗਜ਼ੀਕਿਊਟਿਵ ਕੌਂਸਲ ਦੇ ਮੈਂਬਰ ਡਾ. ਏ. ਸਿਵਾਥਾਨੂ ਪਿੱਲਈ ਵੀ ਮੰਚ ਤੇ ਮੌਜੂਦ ਸਨ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੀਐਚ.ਡੀ. ਖੋਜਾਰਥੀਆਂ ਨੂੰ ਡਿਗਰੀਆਂ ਤੇ ਵੱਖ-ਵੱਖ ਪ੍ਰੋਗਰਾਮਾਂ ਦੇ ਮੈਡਲ ਜੇਤੂਆਂ ਨੂੰ ਮੈਡਲ ਪ੍ਰਦਾਨ ਕੀਤੇ। ਇਸ ਮੌਕੇ ਸੰਸਥਾ ਵੱਲੋਂ ਮਕੈਨੀਕਲ ਇੰਜੀਨੀਅਰਿੰਗ ਦੇ 1966 ਬੈਚ ਦੇ ਵਿਦਿਆਰਥੀ ਵਿਨੋਦ ਕੇ. ਲੂਥਰਾ ਨੂੰ ਡਿਸਟਿੰਗਵਿਸ਼ਡ ਐਲੂਮਨੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜ਼ਿੰਦਗੀ ਦੀ ਕਿਸੇ ਵੀ ਲੜਾਈ ਨੂੰ ਜਿੱਤਣ ਦਾ ਇੱਕੋ-ਇੱਕ ਸਾਧਨ ਸਾਡਾ ਮਨ ਅਤੇ ਸਾਡੀ ਸਿੱਖਿਆ ਹੈ। ਚਾਂਸਲਰ ਡਾ. ਆਰ. ਆਰ. ਵੇਦਰਾਹ ਨੇ ਕਿਹਾ ਕਿ ਜ਼ਿੰਦਗੀ 100 ਮੀਟਰ ਦੀ ਦੌੜ ਨਹੀਂ, ਸਗੋਂ ਇੱਕ ਮੈਰਾਥਨ ਹੈ। ਇਸ ਗੱਲ ਦੀ ਚਿੰਤਾ ਨਾ ਕਰੋ ਕਿ 100 ਮੀਟਰ ਤੇ ਤੁਹਾਡੇ ਤੋਂ ਅੱਗੇ ਕੌਣ ਹੈ, ਸਗੋਂ ਅੰਤ ਤੱਕ ਪਹੁੰਚਣ ਵਾਲਾ ਹੀ ਜੇਤੂ ਹੁੰਦਾ ਹੈ। ਵਾਈਸ ਚਾਂਸਲਰ ਪ੍ਰੋ. ਪਦਮ ਕੁਮਾਰ ਨਾਇਰ ਨੇ ਕਿਹਾ ਕਿ ਤੁਹਾਡੀ ਬਾਜ਼ਾਰ ਵਿੱਚ ਕੀਮਤ ਤੁਹਾਡੀ ਮਨੁੱਖੀ ਕੀਮਤ ਨਹੀਂ ਹੈ ਅਤੇ ਨਾ ਹੀ ਪੇਸ਼ੇਵਰ ਸਫਲਤਾ ਹੀ ਅਰਥਪੂਰਨ ਜੀਵਨ ਦਾ ਅੰਤਿਮ ਮਾਪਦੰਡ ਹੈ। ਵਿਨੋਦ ਕੇ. ਲੂਥਰਾ ਨੇ ਕਿਹਾ ਕਿ ਉਨ੍ਹਾਂ ਨੇ 1966 ਵਿੱਚ ਗ੍ਰੈਜੂਏਸ਼ਨ ਕੀਤੀ ਸੀ ਅਤੇ 60 ਸਾਲਾਂ ਬਾਅਦ ਇਸ ਸਨਮਾਨ ਨੂੰ ਪ੍ਰਾਪਤ ਕਰਨ ਲਈ ਮੁੜ ਕੈਂਪਸ ਵਿੱਚ ਆਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਡਿਗਰੀ ਪ੍ਰਾਪਤ ਕਰਨ ਵਾਲੇ 3,359 ਵਿਦਿਆਰਥੀਆਂ ਵਿੱਚ 2,507 ਬੀ.ਈ. ਅਤੇ ਬੀ.ਟੈਕ., 225 ਐਮ.ਈ. ਅਤੇ ਐਮ.ਟੈਕ., 194 ਐਮ.ਬੀ.ਏ., 116 ਐਮ.ਸੀ.ਏ., 89 ਐਮ.ਐਸ.ਸੀ. ਅਤੇ 88 ਡਾਕਟਰੇਟ ਦੇ ਵਿਦਿਆਰਥੀ ਸ਼ਾਮਲ ਹਨ। ਇਸ ਤੋਂ ਇਲਾਵਾ ਲਿਬਰਲ ਆਰਟਸ ਅਤੇ ਸਾਇੰਸ ਪ੍ਰੋਗਰਾਮਾਂ (ਐਮ.ਏ., ਬੀ.ਏ., ਬੀ.ਬੀ.ਏ. ਅਤੇ ਬੀ.ਐਸ.ਸੀ.) ਦੇ 140 ਵਿਦਿਆਰਥੀ ਵੀ ਡਿਗਰੀਆਂ ਪ੍ਰਾਪਤ ਕਰਨਗੇ।