3100 ਖੇਡ ਮੈਦਾਨ, ਨਸ਼ਿਆਂ ਖ਼ਿਲਾਫ਼ ਵੱਡਾ ਹਥਿਆਰ : ਚੇਅਰਮੈਨ ਮਹਿਤਾ 3100 ਖੇਡ ਮੈਦਾਨ, ਨਸ਼ਿਆਂ ਖ਼ਿਲਾਫ਼ ਵੱਡਾ ਹਥਿਆਰ: ਚੇਅਰਮੈਨ ਮਹਿਤਾ
Publish Date: Sun, 04 Oct 2026 05:24 PM (IST)
Updated Date: Sun, 04 Oct 2026 05:26 PM (IST)
-ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਤਲਵਾਰਬਾਜ਼ੀ ਟੂਰਨਾਮੈਂਟ ਦੇ ਜੇਤੂਆਂ ਨੂੰ ਵੰਡੇ ਇਨਾਮ ਫੋਟੋ 04ਪੀਟੀਐੱਲ-24 ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਰਾਜ ਦੇ ਪਿੰਡਾਂ ਵਿੱਚ 3100 ਖੇਡ ਮੈਦਾਨਾਂ ਦਾ ਪ੍ਰੋਜੈਕਟ ਨਸ਼ਿਆਂ ਖ਼ਿਲਾਫ਼ ਵੱਡਾ ਹਥਿਆਰ ਹੈ। ਉਹ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਤਲਵਾਰਬਾਜ਼ੀ ਟੂਰਨਾਮੈਂਟ ਦੇ ਪੁਰਸਕਾਰ ਵੰਡ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਪੀਐਸਪੀਸੀਐਲ ਦੇ ਖੇਡ ਅਫ਼ਸਰ ਅਮਰਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਚੇਅਰਮੈਨ ਮਹਿਤਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਉਨ੍ਹਾਂ ਨੂੰ ਖੇਡਾਂ ਨਾਲ ਜੋੜਨਾ ਹੈ। ਪਿੰਡਾਂ ਵਿਚ ਖੇਡ ਮੈਦਾਨ ਬਣਨ ਨਾਲ ਨੌਜਵਾਨਾਂ ਨੂੰ ਆਪਣੇ ਨੇੜੇ ਹੀ ਖੇਡਣ ਅਤੇ ਆਪਣੀ ਪ੍ਰਤਿਭਾ ਨਿਖਾਰਨ ਲਈ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪ੍ਰਤਿਭਾ ਦੀ ਕੋਈ ਘਾਟ ਨਹੀਂ, ਲੋੜ ਉਸ ਨੂੰ ਮੌਕੇ ਅਤੇ ਸਹੀ ਮੰਚ ਦੇਣ ਦੀ ਹੈ। ਖੇਡਾਂ ਨੌਜਵਾਨਾਂ ਵਿਚ ਅਨੁਸ਼ਾਸਨ ਅਤੇ ਮਿਹਨਤ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਉਂਦੀਆਂ ਹਨ ਅਤੇ ਜ਼ਿੰਦਗੀ ਵਿਚ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਮੁਕਾਬਲਿਆਂ ਰਾਹੀਂ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੰਚ ਮਿਲ ਰਿਹਾ ਹੈ। ਉਨ੍ਹਾਂ ਤਲਵਾਰਬਾਜ਼ੀ ਵਿਚ ਖਿਡਾਰੀਆਂ ਦੀ ਵਧ ਰਹੀ ਦਿਲਚਸਪੀ ਨੂੰ ਉਤਸ਼ਾਹਜਨਕ ਦੱਸਦਿਆਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਟੂਰਨਾਮੈਂਟ ਵਿਚ ਅੰਡਰ-17 ਲੜਕੀਆਂ ਦੇ ਸੈਬਰ ਮੁਕਾਬਲੇ ਵਿਚ ਨਵਿਆ ਨੇ ਪਹਿਲਾ, ਸੁਜੈਨ ਨੇ ਦੂਜਾ, ਏਕਨੂਰ ਕੌਰ ਨੇ ਤੀਜਾ ਅਤੇ ਲਵਪ੍ਰੀਤ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ। ਈਪੀ ਮੁਕਾਬਲੇ ਵਿਚ ਹਰਯਸ਼ ਪ੍ਰਤੀਕ ਕੌਰ ਨੇ ਪਹਿਲਾ, ਇਸ਼ੀਕਾ ਨੇ ਦੂਜਾ ਤੇ ਹਰਨੂਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਫੋਆਇਲ ਮੁਕਾਬਲੇ ਵਿਚ ਕੀਰਤਿਕਾ ਬੇਲਵਾਲ ਨੇ ਪਹਿਲਾ, ਜਪਲੀਨ ਕੌਰ ਨੇ ਦੂਜਾ ਅਤੇ ਨਿਹਾਰਿਕਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਦੇ ਸੈਬਰ ਮੁਕਾਬਲੇ ਵਿੱਚ ਗੁਰਕੀਰਤ ਸਿੰਘ ਨੇ ਪਹਿਲਾ, ਰੋਹਨਪ੍ਰੀਤ ਸਿੰਘ ਨੇ ਦੂਜਾ, ਯੁਵਰਾਜ ਸਿੰਘ ਨੇ ਤੀਜਾ ਅਤੇ ਪਾਰਥ ਜੱਗੀ ਨੇ ਚੌਥਾ ਸਥਾਨ ਹਾਸਲ ਕੀਤਾ। ਅੰਡਰ-21 ਲੜਕੀਆਂ ਦੇ ਸੈਬਰ ਮੁਕਾਬਲੇ ਵਿਚ ਮਿਲਨਪ੍ਰੀਤ ਕੌਰ ਨੇ ਪਹਿਲਾ, ਪਲਕ ਨੇ ਦੂਜਾ, ਅਵਰੀਨ ਕੌਰ ਬੈਂਸ ਨੇ ਤੀਜਾ ਅਤੇ ਜਪਨੀਤ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ। ਇਸ ਮੌਕੇ ਫੈਂਸਿੰਗ ਕੋਚ ਅਰਜੁਨ, ਉਦੈਵੀਰ ਸਿੰਘ, ਅਮਿਤ ਸ਼ਰਮਾ, ਕੀਰਤੀ, ਵੈਰਾਗੀ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਜਗਦੀਸ਼ ਸਿੰਘ ਬਾਵਾ, ਧਰਮਿੰਦਰ ਸਰਾਓ, ਗੌਰਵ ਛਾਬੜਾ ਸਮੇਤ ਹੋਰ ਪਤਵੰਤੇ ਅਤੇ ਖੇਡ ਪ੍ਰੇਮੀ ਹਾਜ਼ਰ ਸਨ।