ਗੰਗਾ ਇੰਟਰਨੈਸ਼ਨਲ ਸਕੂਲ ’ਚ ਮਨਾਇਆ ਤੀਆਂ ਦਾ ਤਿਉਹਾਰ ਗੰਗਾ ਇੰਟਰਨੈਸ਼ਨਲ ਸਕੂਲ ’ਚ ਮਨਾਇਆ ਤੀਆਂ ਦਾ ਤਿਉਹਾਰ
Publish Date: Wed, 19 Aug 2026 07:52 PM (IST)
Updated Date: Thu, 20 Aug 2026 04:04 AM (IST)
ਫੋਟੋ-15ਕੈਪਸ਼ਨ-ਤੀਆਂ ਦੌਰਾਨ ਪੇਸ਼ਕਾਰੀ ਕਰਦੀਆਂ ਸਕੂਲ ਦੀਆਂ ਵਿਦਿਆਰਥਣਾਂ। ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਗੰਗਾ ਇੰਟਰਨੈਸ਼ਨਲ ਸਕੂਲ, ਢਾਬੀ ਗੁਜਰਾਂ ਵਿਖੇ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ, ਲੋਕ-ਵਿਰਸੇ ਅਤੇ ਪਰੰਪਰਾਵਾਂ ਦੀ ਖੂਬਸੂਰਤ ਝਲਕ ਪੇਸ਼ ਕਰਦਿਆਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਲਾਸ ਤੀਜੀ ਅਤੇ ਚੌਥੀ ਦੇ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ, ਜਿਨ੍ਹਾਂ ਨੇ ਸਮਾਗਮ ਵਿੱਚ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਸਵਾਗਤੀ ਗੀਤ ਨਾਲ ਹੋਈ। ਵਿਦਿਆਰਥੀਆਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿੱਚ ਸਜ ਕੇ ਲੋਕ-ਗੀਤ, ਲੋਕ-ਨਾਚ ਅਤੇ ਤੀਆਂ ਨਾਲ ਸਬੰਧਿਤ ਨਾਟਕ ਪੇਸ਼ ਕੀਤਾ। ਪ੍ਰੀ-ਪ੍ਰਾਇਮਰੀ ਸੈਕਸ਼ਨ ਦੇ ਨਰਸਰੀ ਤੋਂ ਕਲਾਸ ਦੂਜੀ ਤੱਕ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਵੀ ਸੁੰਦਰ ਪੰਜਾਬੀ ਪਹਿਰਾਵਿਆਂ ਵਿੱਚ ਸਜ ਕੇ ਪੰਜਾਬੀ ਸੱਭਿਆਚਾਰ ਅਤੇ ਲੋਕ-ਵਿਰਸੇ ਦੀ ਮਨਮੋਹਕ ਪੇਸ਼ਕਾਰੀ ਕੀਤੀ। ਜੂਨੀਅਰ ਵਿੰਗ ਕੋਆਰਡੀਨੇਟਰ ਰਾਜਦੀਪ ਕੌਰ ਨੇ ਵੀ ਸਮਾਗਮ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਉਂਦਿਆਂ ਨੰਨ੍ਹੇ-ਮੁੰਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਅਤੇ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਵਿੱਚ ਮਾਰਗਦਰਸ਼ਨ ਦਿੱਤਾ। ਸਮਾਗਮ ਵਿੱਚ ਪੰਜਾਬੀ ਵਿਰਸੇ ਨੂੰ ਦਰਸਾਉਂਦੇ ਵਿਸ਼ੇਸ਼ ਸਟਾਲ ਵੀ ਲਗਾਏ ਗਏ, ਜਿਨ੍ਹਾਂ ਵਿੱਚ ਮਹਿੰਦੀ, ਚੂੜੀਆਂ, ਖੀਰ-ਮਾਲਪੂੜੇ ਅਤੇ ਤ੍ਰਿੰਝਣ ਮੁੱਖ ਆਕਰਸ਼ਣ ਰਹੇ। ਤ੍ਰਿੰਝਣ ਰਾਹੀਂ ਪੰਜਾਬ ਦੀ ਪੁਰਾਤਨ ਲੋਕ-ਪਰੰਪਰਾ ਅਤੇ ਔਰਤਾਂ ਦੇ ਆਪਸੀ ਮਿਲ-ਬੈਠਣ ਦੀ ਸੱਭਿਆਚਾਰਕ ਝਲਕ ਪੇਸ਼ ਕੀਤੀ ਗਈ। ਮਾਵਾਂ ਲਈ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਉਨ੍ਹਾਂ ਨੇ ਬੜੇ ਜੋਸ਼ ਨਾਲ ਹਿੱਸਾ ਲਿਆ ਅਤੇ ਸਮਾਗਮ ਦਾ ਭਰਪੂਰ ਆਨੰਦ ਮਾਣਿਆ। ਕੋਆਰਡੀਨੇਟਰ ਅੰਮ੍ਰਿਤਪਾਲ ਕੌਰ ਨੇ ਮਾਪਿਆਂ ਦਾ ਸਵਾਗਤ ਕਰਦਿਆਂ ਤੀਆਂ ਦੇ ਤਿਉਹਾਰ ਦੀ ਸੱਭਿਆਚਾਰਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਡਾਇਰੈਕਟਰ ਪ੍ਰਿੰਸੀਪਲ ਰੀਨਾ ਚੀਮਾ ਨੇ ਮਾਪਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਅਤੇ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਵਾਈਸ ਪ੍ਰਿੰਸੀਪਲ ਇਸ਼ਾਂਤ ਪਾਹਵਾ ਨੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਰੀਆਂ ਮਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਪਿਆਂ ਦੀ ਸਰਗਰਮ ਭਾਗੀਦਾਰੀ ਵਿਦਿਆਰਥੀਆਂ ਦਾ ਹੌਸਲਾ ਵਧਾਉਂਦੀ ਹੈ ਅਤੇ ਸਕੂਲ-ਮਾਪੇ ਸਾਂਝ ਨੂੰ ਮਜ਼ਬੂਤ ਕਰਦੀ ਹੈ।ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਐਕਟਿਵਿਟੀ ਇੰਚਾਰਜ ਸੁਸ਼ਮਾ ਰਾਣੀ ਅਤੇ ਮਨਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਵਿਸ਼ਵਜੀਤ ਕੌਰ, ਮੈਡਮ ਨਵਨੀਤ ਕੌਰ, ਮੈਡਮ ਹਰਜੀਤ, ਮੈਡਮ ਸ਼ਰਨਜੀਤ, ਪ੍ਰਤਿਮਾ, ਸਰ ਨਿਰਮਲ ਸਿੰਘ, ਰਣਜੀਤ ਸਿੰਘ, ਸੋਨੂੰ ਅਤੇ ਸੀਮਾ ਨੇ ਵੀ ਸਮਾਗਮ ਦੀ ਤਿਆਰੀ ਅਤੇ ਪ੍ਰਬੰਧਾਂ ਵਿੱਚ ਭਰਪੂਰ ਸਹਿਯੋਗ ਦਿੱਤਾ।