ਪਟਿਆਲਾ ਹਿੱਸੇ ਆਏ 7 ਰਾਜ ਪੱਧਰੀ ਅਧਿਆਪਕ ਪੁਰਸਕਾਰ ਪਟਿਆਲਾ ਹਿੱਸੇ ਆਏ 7 ਰਾਜ ਪੱਧਰੀ ਅਧਿਆਪਕ ਪੁਰਸਕਾਰ
Publish Date: Fri, 04 Sep 2026 05:35 PM (IST)
Updated Date: Fri, 04 Sep 2026 05:37 PM (IST)
ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਸਰਕਾਰ ਵੱਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਮਿਹਨਤ ਤੇ ਲਗਨ ਨਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 75 ਬਹਿਤਰੀਨ ਅਧਿਆਪਕਾਂ ਤੇ ਪ੍ਰਬੰਧਕਾਂ ਨੂੰ ਸਟੇਟ ਐਵਾਰਡ-2026 ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਦਿੱਤੇ ਜਾਣ ਵਾਲੇ ਰਾਜ ਪੱਧਰੀ ਪੁਰਸਕਾਰਾਂ ਵਿਚ ਪਟਿਆਲਾ ਜ਼ਿਲ੍ਹੇ ਦੇ ਹਿੱਸੇ 7 ਰਾਜ ਪੱਧਰੀ ਪੁਰਸਕਾਰ ਆਏ ਹਨ। ਇਨ੍ਹਾਂ 7 ਪੁਰਸਕਾਰਾਂ ’ਚੋਂ 4 ਸਟੇਟ ਅਧਿਆਪਕ ਐਵਾਰਡ, ਇਕ ਯੰਗ ਅਧਿਆਪਕ ਐਵਾਰਡ ਤੇ ਦੋ ਸਪੈਸ਼ਲ ਟੀਚਰ ਐਵਾਰਡ ਸ਼ਾਮਲ ਹਨ। ਜ਼ਿਲ੍ਹੇ ਦੇ ਹਿੱਸੇ ਆਏ 4 ਸਟੇਟ ਅਧਿਆਪਕ ਪੁਰਸਕਾਰਾਂ ’ਚੋਂ ਪੀਐਮ ਸ਼੍ਰੀ ਗੌਰਮਿੰਟ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ ਪਾਸੀ ਰੋਡ ਪਟਿਆਲਾ ਦੇ ਪ੍ਰਿੰਸ਼ੀਪਲ ਵਿਜੈ ਕਪੂਰ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਪਟਿਆਲਾ ਦੇ ਸਾਇੰਸ ਅਧਿਆਪਕ ਗਗਨਦੀਪ ਕੌਰ, ਪੀਐਮ ਸ਼੍ਰੀ ਗੌਰਮਿੰਟ ਸੀਨੀਅਰ ਸੈਕੰਡਰੀ ਐਨਟੀਸੀ ਰਾਜਪੁਰਾ ਦੇ ਅਧਿਆਪਕ ਰਜਿੰਦਰ ਸੈਣੀ ਅਤੇ ਗੌਰਮਿੰਟ ਪ੍ਰਾਇਮਰੀ ਸਕੂਲ ਮਾੜੂ ਦੀ ਅਧਿਆਪਕਾ ਲਲੀਤਾ ਬਾਂਗਾ ਸ਼ਾਮਲ ਹਨ ਜਦੋਂ ਕਿ ਯੰਗ ਟੀਚਰ ਅਵਾਰਡ ਲਈ ਗੌਰਮਿੰਟ ਹਾਈ ਸਕੂਲ ਰਾਜਪੁਰਾ ਟਾਊਨ ਦੀ ਅਧਿਆਪਕਾ ਰਾਜਦੀਪ ਕੌਰ ਨੂੰ ਚੁਣਿਆ ਗਿਆ ਹੈ। ਇਸੇ ਤਰ੍ਹਾਂ ਸਪੈਸ਼ਲ ਟੀਚਰ ਐਵਾਰਡ ਗੌਰਮਿੰਟ ਪ੍ਰਾਇਮਰੀ ਸਕੂਲ ਨੌਰੰਗਵਾਲ ਦੇ ਗੁਰਦੀਪ ਸਿੰਘ ਅਤੇ ਗੌਰਮਿੰਟ ਪ੍ਰਾਇਮਰੀ ਸਕੂਲ ਧੰਗਰੋਲੀ ਦੇ ਸਿਲਪੀ ਗਰਗ ਨੂੰ ਦਿੱਤਾ ਜਾਣਾ ਹੈ। ਇਨ੍ਹਾਂ ਅਧਿਆਪਕਾਂ ਨੂੰ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਤੰਬਰ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਉਨ੍ਹਾਂ ਵੱਲੋਂ ਸਿੱਖਿਆ ਖੇਤਰ ਵਿਚ ਨਿਭਾਈਆਂ ਸੇਵਾਵਾਂ ਅਤੇ ਬਿਹਤਰ ਕਾਰਗੁਜ਼ਾਰੀ ਦੇ ਸਨਮਾਨ ਵਜੋਂ ਦਿੱਤੇ ਜਾ ਰਹੇ ਹਨ। ਇਨ੍ਹਾਂ ਅਧਿਆਪਕਾਂ ਦੀਆਂ ਉਪਲੱਬਧੀਆਂ ਸਿਰਫ਼ ਪੁਰਸਕਾਰਾਂ ਤੱਕ ਸੀਮਤ ਨਹੀਂ ਹਨ। ਕਿਸੇ ਨੇ ਵਿਦਿਆਰਥੀਆਂ ਨੂੰ ਜੇਈਈ ਤੇ ਨੀਟ ਵਰਗੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਤਾਂ ਕਿਸੇ ਨੇ ਕੂੜੇ ਦੇ ਡੰਪ ਨੂੰ ਕ੍ਰਿਕਟ ਸਟੇਡੀਅਮ ਵਿਚ ਬਦਲ ਕੇ ਖੇਡ ਪ੍ਰਤਿਭਾਵਾਂ ਨੂੰ ਨਵਾਂ ਮੰਚ ਦਿੱਤਾ। ਉੱਥੇ ਹੀ ਵਿਗਿਆਨ ਨੂੰ ਕਿਤਾਬਾਂ ’ਚੋਂ ਕੱਢ ਕੇ ਪ੍ਰਯੋਗਸ਼ਾਲਾ ਤੇ ਮੁਕਾਬਲਿਆਂ ਤੱਕ ਪਹੁੰਚਾਉਣ ਵਾਲੀ ਗਗਨਦੀਪ ਕੌਰ ਨੇ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਵਿਕਸਿਤ ਕਰਨ ਦਾ ਕੰਮ ਕੀਤਾ। ਇਨ੍ਹਾਂ ਅਧਿਆਪਕਾਂ ਦੇ ਯਤਨਾਂ ਸਦਕਾ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਸਿੱਖਿਆ ਅਫਸਰ (ਸੀ.ਸੈ.ਅਤੇ ਐਲੀਮੈਂਟਰੀ ਸਿੱਖਿਆ) ਸ਼ਾਲੂ ਮਹਿਰਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੀ.ਸੈ.) ਡਾ. ਰਵਿੰਦਰਪਾਲ ਸਰਮਾ ਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ ਮਨਵਿੰਦਰ ਕੌਰ ਭੁੱਲਰ ਨੇ ਪੁਰਸ਼ਕਾਰ ਜੇਤੂ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਆਖਿਆ ਹੈ ਕਿ ਇਨ੍ਹਾਂ ਅਧਿਆਪਕਾਂ ਦੀ ਸਟੇਟ ਅਵਾਰਡ ਲਈ ਹੋਈ ਚੋਣ ਪਟਿਆਲਾ ਜਿਲ੍ਹੇ ਲਈ ਪ੍ਰੇਰਨਾਦਾਇਕ ਤੇ ਉਤਸ਼ਾਹਪੂਰਵਕ ਹੈ। ਡੱਬੀ- 1.- ਵਿਗਿਆਨ ਨੂੰ ਕਿਤਾਬਾਂ ’ਚੋਂ ਕੱਢ ਕੇ ਪ੍ਰਯੋਗਸ਼ਾਲਾ ਤੱਕ ਪਹੁੰਚਾਇਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਪਟਿਆਲਾ ਦੀ ਵਿਗਿਆਨ ਅਧਿਆਪਕਾ ਗਗਨਦੀਪ ਕੌਰ ਨੇ ਵਿਦਿਆਰਥੀਆਂ ਵਿਚ ਵਿਗਿਆਨ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨ ਲਈ ਲਗਾਤਾਰ ਯਤਨ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਰੱਖਿਆ, ਸਗੋਂ ਉਨ੍ਹਾਂ ਨੂੰ ਪ੍ਰੈਕਟੀਕਲ, ਪ੍ਰਾਜੈਕਟਾਂ ਤੇ ਵਿਗਿਆਨ ਨਾਲ ਸਬੰਧਤ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸੂਬਾ ਤੇ ਕੌਮੀ ਪੱਧਰ ਦੇ ਕਈ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਉਪਲਬਧੀਆਂ ਹਾਸਲ ਕੀਤੀਆਂ। ਵਿਦਿਆਰਥੀਆਂ ਨੇ ਸਾਇੰਸ ਸੈਮੀਨਾਰ ਵਿਚ ਸੂਬਾ ਪੱਧਰ ’ਤੇ ਤੀਜਾ ਸਥਾਨ, ਸਟੇਟ ਸਾਇੰਸ ਐਗਜ਼ੀਬਿਸ਼ਨ ਵਿਚ ਪਹਿਲਾ ਸਥਾਨ ਤੇ ਸਟੇਟ ਸਾਇੰਸ ਕਾਨਫਰੰਸ ਵਿਚ ਵੀ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਪੀਐੱਮ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਤਹਿਤ ਮੁੰਬਈ ਅਤੇ ਦਿੱਲੀ ਵਿਚ ਵੀ ਹਿੱਸਾ ਲਿਆ। ਗਗਨਦੀਪ ਕੌਰ ਵਿਗਿਆਨ ਵਿਸ਼ੇ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰਾਜੈਕਟਾਂ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦਾ ਯਤਨ ਰਹਿੰਦਾ ਹੈ ਕਿ ਵਿਦਿਆਰਥੀ ਵਿਗਿਆਨ ਨੂੰ ਸਿਰਫ਼ ਪੜ੍ਹਨ ਹੀ ਨਹੀਂ, ਸਗੋਂ ਉਸ ਨੂੰ ਸਮਝਣ, ਪ੍ਰਯੋਗ ਕਰਨ ਅਤੇ ਆਪਣੇ ਆਲੇ-ਦੁਆਲੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਗਿਆਨਕ ਦ੍ਰਿਸ਼ਟੀਕੋਣ ਵਿਕਸਿਤ ਕਰਨ। 2- ਡੱਬੀ- ਜੇਈਈ-ਨੀਟ ਤੋਂ ਲੈ ਕੇ ਕੌਮੀ-ਕੌਮਾਂਤਰੀ ਖੇਡਾਂ ਤੱਕ ਵਿਦਿਆਰਥੀਆਂ ਦੀਆਂ ਉਪਲੱਬਧੀਆਂ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਦੀ ਪ੍ਰਿੰਸੀਪਲ ਵਿਜੈ ਕਪੂਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸਿੱਖਿਆ ਤੇ ਖੇਡਾਂ ਦੋਵਾਂ ਖੇਤਰਾਂ ਵਿਚ ਉਪਲੱਬਧੀਆਂ ਹਾਸਲ ਕੀਤੀਆਂ। ਵਿਜੈ ਕਪੂਰ ਅਨੁਸਾਰ ਉਨ੍ਹਾਂ ਦੀ ਅਗਵਾਈ ਹੇਠ ਸਕੂਲ ਦੇ ਅੱਠ ਵਿਦਿਆਰਥੀਆਂ ਨੇ ਜੇਈਈ ਅਤੇ ਛੇ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਇਲਾਵਾ ਬੈਡਮਿੰਟਨ ਵਿਚ ਕੌਮੀ ਪੱਧਰ ਤੇ ਬਾਸਕਿਟਬਾਲ ਵਿਚ ਕੌਮਾਂਤਰੀ ਪੱਧਰ ’ਤੇ ਵਿਦਿਆਰਥੀਆਂ ਨੇ ਤਮਗੇ ਜਿੱਤੇ। ਸਕੂਲ ਵਿਚ ਵਿਦਿਆਰਥੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਖੇਡ ਮੈਦਾਨਾਂ ਦਾ ਨਿਰਮਾਣ ਕਰਵਾਇਆ ਗਿਆ ਅਤੇ 424 ਵਿਦਿਆਰਥੀਆਂ ਨੇ ਰਾਜ ਪੱਧਰੀ ਖੇਡਾਂ ਵਿਚ ਭਾਗ ਲਿਆ ਅਤੇ 313 ਰਾਜ ਪੱਧਰੀ ਤਮਗੇ ਹਾਸਲ ਕੀਤੇ। ਇਸੇ ਤਰ੍ਹਾਂ 99 ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ’ਤੇ ਭਾਗ ਲਿਆ ਅਤੇ 17 ਰਾਸ਼ਟਰੀ ਤਮਗੇ ਪ੍ਰਾਪਤ ਕੀਤੇ।। ਉੱਥੇ ਹੀ ਸੂਬੇ ਵਿਚ ਪਹਿਲੀ ਆਈਲੈਟਸ ਲੈਬ, ਟੂਰਿਜ਼ਮ ਲੈਬ ਅਤੇ ਬਿਊਟੀ ਐਂਡ ਵੈਲਨੈੱਸ ਲੈਬ ਦੀ ਸਥਾਪਨਾ ਵੀ ਕਰਵਾਈ ਗਈ। ਇਸ ਤੋਂ ਇਲਾਵਾ ਕਾਮਨ ਰੂਮ ਅਤੇ ਸਟਾਫ਼ ਰੂਮ ਦਾ ਨਿਰਮਾਣ ਕਰਵਾਇਆ ਗਿਆ। ਵਿਜੈ ਕਪੂਰ ਨੇ ਆਪਣੀ ਅਧਿਆਪਨ ਸੇਵਾ ਦੀ ਸ਼ੁਰੂਆਤ 01 ਮਾਰਚ 1996 ਨੂੰ ਸ.ਸ.ਸ.ਸ. ਦੋਸਤਪੁਰ (ਗੁਰਦਾਸਪੁਰ) ਵਿਖੇ ਲੈਕਚਰਾਰ ਵਜੋਂ ਕੀਤੀ ਤੇ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਕ ਅਤੇ ਪ੍ਰਿੰਸੀਪਲ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ ਅਤੇ ਮੌਜੂਦਾ ਸਮੇ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਵਿਖੇ ਪ੍ਰਿੰਸੀਪਲ ਵਜੋਂ ਕਾਰਜ਼ਸ਼ੀਲ ਹਨ। ਡੱਬੀ- ਕੂੜੇ ਦੇ ਡੰਪ ਨੂੰ 16 ਲੱਖ ਰੁਪਏ ਖਰਚ ਕੇ ਬਣਾਇਆ ਕ੍ਰਿਕਟ ਸਟੇਡੀਅਮ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐੱਨਟੀਸੀ ਰਾਜਪੁਰਾ ਦੇ ਫਿਜ਼ੀਕਲ ਅਧਿਆਪਕ ਰਾਜਿੰਦਰ ਸੈਣੀ ਨੇ ਸਕੂਲ ਦੀ ਜ਼ਮੀਨ ’ਤੇ ਬਣੇ ਕੂੜੇ ਦੇ ਡੰਪ ਨੂੰ ਕ੍ਰਿਕਟ ਸਟੇਡੀਅਮ ਵਿਚ ਤਬਦੀਲ ਕਰਕੇ ਮਿਸਾਲ ਕਾਇਮ ਕੀਤੀ। ਉਨ੍ਹਾਂ ਦੱਸਿਆ ਕਿ ਸਕੂਲ ਦੀ ਜ਼ਮੀਨ ’ਤੇ ਕੂੜੇ ਦਾ ਢੇਰ ਲੱਗਾ ਹੋਇਆ ਸੀ। ਇਸ ਨੂੰ ਖੇਡ ਮੈਦਾਨ ਵਿਚ ਬਦਲਣ ਦਾ ਵਿਚਾਰ ਆਇਆ ਪਰ ਫੰਡਾਂ ਦੀ ਘਾਟ ਵੱਡੀ ਚੁਣੌਤੀ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਯਤਨ ਜਾਰੀ ਰੱਖੇ ਅਤੇ ਆਪਣੇ ਪੁਰਾਣੇ ਵਿਦਿਆਰਥੀਆਂ, ਦੋਸਤਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰੀਬ 16 ਲੱਖ ਰੁਪਏ ਇਕੱਠੇ ਕੀਤੇ। ਇਸ ਤੋਂ ਬਾਅਦ ਕੂੜੇ ਦੇ ਡੰਪ ਨੂੰ ਨਿਰਮਲ ਕਾਂਤਾ ਕ੍ਰਿਕਟ ਸਟੇਡੀਅਮ ਵਿਚ ਤਬਦੀਲ ਕੀਤਾ ਗਿਆ। ਇਸ ਯਤਨ ਨਾਲ ਵਿਦਿਆਰਥੀਆਂ ਨੂੰ ਖੇਡਾਂ ਲਈ ਬਿਹਤਰ ਸਹੂਲਤ ਮਿਲੀ। ਰਾਜਿੰਦਰ ਸੈਣੀ ਦੀ ਅਗਵਾਈ ਹੇਠ ਸਕੂਲ ਦੀ ਹਾਕੀ ਟੀਮ ਨੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜ਼ਿਲ੍ਹਾ ਪੱਧਰ ’ਤੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਕਰੀਬ 31 ਸਾਲ ਬਾਅਦ 58ਵੀਂ ਹਾਕੀ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਵੀ ਜਿੱਤਿਆ। ਰਾਜਿੰਦਰ ਸੈਣੀ ਨੇ ਸਾਲ 2020 ਵਿਚ ਨਵੇਂ ਸਿਲੇਬਸ ਅਨੁਸਾਰ ਵਿਦਿਆਰਥੀਆਂ ਲਈ ਸਰਲ ਭਾਸ਼ਾ ਵਿੱਚ ਕਿਤਾਬ ਵੀ ਲਿਖੀ, ਜਿਸ ਨੂੰ ਸਿੱਖਿਆ ਵਿਭਾਗ ਵੱਲੋਂ ਉਤਸ਼ਾਹਿਤ ਕੀਤਾ ਗਿਆ। -ਯੰਗ ਟੀਚਰ ਐਵਾਰਡ ਲਈ ਚੁਣੀ ਰਾਜਦੀਪ ਕੌਰ ਨੇ ਵਿਗਿਆਨ ਨੂੰ ਬਣਾਇਆ ਆਸਾਨ ਯੰਗ ਟੀਚਰ ਐਵਾਰਡ ਲਈ ਚੁਣੀ ਗਈ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੀ ਵਿਗਿਆਨ ਅਧਿਆਪਕਾ ਰਾਜਦੀਪ ਕੌਰ ਨੇ ਆਪਣੀ ਮਹਿਜ਼ ਨੌਂ ਸਾਲ ਦੀ ਸੇਵਾ ਦੌਰਾਨ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਰੱਖਣ ਦੀ ਬਜਾਏ ਉਨ੍ਹਾਂ ਨੂੰ ਪ੍ਰੈਕਟੀਕਲ ਗਿਆਨ ਦੇਣ ਦੀ ਦਿਸ਼ਾ ਵਿੱਚ ਵੀ ਮਹੱਤਵਪੂਰਨ ਕੰਮ ਕੀਤਾ ਹੈ। ਉਨ੍ਹਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਕੌਮੀ ਪੱਧਰ ਦੇ ਇੰਸਪਾਇਰ ਐਵਾਰਡ ਵਿੱਚ ਵੀ ਭਾਗ ਲਿਆ ਹੈ। ਰਾਜਦੀਪ ਕੌਰ ਨੇ ਦੱਸਿਆ ਕਿ ਸਿੱਖਿਆ ਨੂੰ ਆਸਾਨ ਅਤੇ ਰੁਚਿਕਰ ਬਣਾਉਣ ਲਈ ਉਨ੍ਹਾਂ ਵੱਲੋਂ ਟੀਚਿੰਗ-ਲਰਨਿੰਗ ਮੈਟੀਰੀਅਲ ਦੀ ਵਰਤੋਂ ਕੀਤੀ ਗਈ। ਇਸ ਨਾਲ ਵਿਦਿਆਰਥੀਆਂ ਵਿੱਚ ਵਿਗਿਆਨ ਵਿਸ਼ੇ ਪ੍ਰਤੀ ਰੁਚੀ ਵਧੀ। ਇਸ ਤੋਂ ਇਲਾਵਾ ਰਾਜਦੀਪ ਕੌਰ ਨੇ ਟੀਚਰ ਫੈਸਟ ਵਿੱਚ ਸਿੱਖਿਆ ਨੂੰ ਆਸਾਨ ਅਤੇ ਰੁਚਿਕਰ ਬਣਾਉਣ ਲਈ ਕਰਵਾਏ ਗਏ ਮੁਕਾਬਲੇ ਵਿੱਚ ਸੂਬਾ ਪੱਧਰ ’ਤੇ ਤੀਜਾ ਸਥਾਨ ਵੀ ਹਾਸਲ ਕੀਤਾ ਹੈ। ਉਨ੍ਹਾਂ ਦੇ ਯਤਨਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨ ਪ੍ਰਤੀ ਜਿਗਿਆਸਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਪ੍ਰਯੋਗਾਂ ਰਾਹੀਂ ਸਿੱਖਣ ਦੇ ਮੌਕੇ ਮੁਹੱਈਆ ਕਰਵਾਉਣਾ ਹੈ। ਡੱਬੀ- ਇਨ੍ਹਾਂ ਨੂੰ ਵੀ ਮਿਲੇ ਐਵਾਰਡ ਇਸੇ ਤਰ੍ਹਾਂ ਸਪੈਸ਼ਲ ਟੀਚਰ ਐਵਾਰਡ ਗੌਰਮਿੰਟ ਪ੍ਰਾਇਮਰੀ ਸਕੂਲ ਨੌਰੰਗਵਾਲ ਦੇ ਗੁਰਦੀਪ ਸਿੰਘ ਅਤੇ ਗੌਰਮਿੰਟ ਪ੍ਰਾਇਮਰੀ ਸਕੂਲ ਧੰਗਰੋਲੀ ਦੇ ਸਿਲਪੀ ਗਰਗ ਨੂੰ ਦਿੱਤਾ ਜਾਣਾ ਹੈ। ਇਸ ਤੋਂ ਇਲਾਵਾ ਗੌਰਮਿੰਟ ਪ੍ਰਾਇਮਰੀ ਸਕੂਲ ਮਾੜੂ ਦੀ ਅਧਿਆਪਕਾ ਲਲੀਤਾ ਬਾਂਗਾ ਦੀ ਚੋਣ ਸਟੇਟ ਅਧਿਆਪਕ ਅਵਾਰਡ ਲਈ ਹੋਈ ਹੈ।