- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰੱਕੀ ਦੇ ਕੇ 250 ਕਿਲੋਮੀਟਰ ਦੂਰ ਭੇਜੇ ਅਧਿਆਪਕ, ਰੋਸ

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਸਿੱਖਿਆ ਵਿਭਾਗ ਪੰਜਾਬ ਵੱਲੋਂ 2018 ਤੋਂ ਬਾਅਦ 2026 ਨੂੰ ਕੀਤੀਆਂ ਗਈਆਂ ਈਟੀਟੀ ਤੋ ਅੰਗਰੇਜ਼ੀ ਮਾਸਟਰ ਕੇਡਰ ਤਰੱਕੀਆਂ ਵਿਚ ਪਦ ਉੱਨਤ ਹੋਏ ਅਧਿਆਪਕ ਖੁਸ਼ੀ ਦੀ ਬਜਾਏ ਮਾਨਸਿਕ ਪ੍ਰੇਸ਼ਾਨੀ ਤੌਰ ’ਤੇ ਪਰੇਸ਼ਾਨ ਜਿਆਦਾ ਦਿਖ ਰਹੇ ਹਨ। ਜ਼ਿਲ੍ਹਾ ਪਟਿਆਲਾ ਦੇ ਲਗਭਗ 35 ਅਧਿਆਪਕਾਂ ਦੀ ਤਰੱਕੀ 18 ਤੋਂ 20 ਸਾਲ ਦੀ ਨੌਕਰੀ ਉਪਰੰਤ ਈਟੀਟੀ ਤੋਂ ਅੰਗਰੇਜ਼ੀ ਮਾਸਟਰ ਕਾਡਰ ਵਿਚ ਹੋਈ ਹੈ। ਇਨ੍ਹਾਂ ਸਮੂਹ ਅਧਿਆਪਕਾਂ ਨੂੰ ਆਪਣੇ ਘਰ ਤੋਂ ਲਗਭਗ 250 ਤੋਂ 300 ਕਿਲੋਮੀਟਰ ਦੂਰ ਤਰਨਤਾਰਨ, ਗੁਰਦਾਸਪੁਰ ਜਾਂ ਅੰਮ੍ਰਿਤਸਰ ਜ਼ਿਲ੍ਹੇ ’ਚ ਸਟੇਸ਼ਨ ਅਲਾਟ ਕੀਤੇ ਗਏ ਹਨ। ਜਿਨਾਂ ਵਿਚ ਲਗਭਗ 28 ਇਸਤਰੀ ਅਧਿਆਪਕ ਹਨ ਜੋ ਕਿ ਆਪਣੀ ਉਮਰ ਦੇ ਉਸ ਪੜਾਅ ਵਿਚ ਹਨ ਜਿਸ ਵਿਚ ਉਨਾਂ ਨੂੰ ਨੌਕਰੀ ਦੇ ਨਾਲ ਨਾਲ ਘਰ ਦੇ ਬਜ਼ੁਰਗ ਮਾਤਾ ਪਿਤਾ ਅਤੇ ਬੱਚਿਆਂ ਦੀ ਦੇਖ-ਰੇਖ ਵੀ ਕਰਨੀ ਪੈਂਦੀ ਹੈ। ਇਨ੍ਹਾਂ ਤਰੱਕੀ ਪ੍ਰਾਪਤ ਕਰਤਾ ਸਮੂਹ ਅਧਿਆਪਕ ਨਾਲ ਰਾਬਤਾ ਕਰਨ ਤੇ ਪਤਾ ਲੱਗਾ ਹੈ ਕਿ ਲੰਮੇ ਸਮੇਂ ਉਡੀਕ ਤੋਂ ਬਾਅਦ ਜਿੱਥੇ ਤਰੱਕੀ ਪ੍ਰਾਪਤ ਕਰਨ ਤੇ ਇਨ੍ਹਾਂ ਅਧਿਆਪਕਾਂ ’ਚ ਖੁਸ਼ੀ ਦਾ ਟਿਕਾਣਾ ਨਹੀਂ ਸੀ ਉਥੇ ਇਹ ਸਮੂਹ ਅਧਿਆਪਕ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਉਹ 250 ਕਿਲੋਮੀਟਰ ਦੂਰ ਸਟੇਸ਼ਨ ਜੁਆਇਨ ਕਰਨ ਤੋਂ ਅਸਮਰੱਥ ਹਨ। ਵਿਭਾਗ ਵੱਲੋਂ ਇਨਾਂ ਅਧਿਆਪਕਾਂ ਨੂੰ ਨਾ ਤਾਂ ਸਟੇਸ਼ਨ ਚੁਣਨ ਦਾ ਮੌਕਾ ਦਿੱਤਾ ਗਿਆ ਹੈ ਅਤੇ ਨਾ ਹੀ ਜਾਰੀ ਸੂਚੀ ਵਿਚ ਸਟੇਸ਼ਨਾਂ ਨੂੰ ਕਿਸੇ ਮੈਰਿਟ ਦੇ ਆਧਾਰ ’ਤੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਅਧਿਆਪਕਾਂ ਨੂੰ ਖਾਲੀ ਸਟੇਸ਼ਨਾਂ ਦੀ ਸੂਚੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਪਟਿਆਲਾ ਵਿਚ ਬਹੁਤੇ ਸਰਕਾਰੀ ਮਿਡਲ ਸਕੂਲ ਅਜਿਹੇ ਹਨ ਜਿੱਥੇ ਅੰਗਰੇਜ਼ੀ ਵਿਸ਼ੇ ਦੀ ਪੋਸਟ ਹੀ ਨਹੀਂ ਹੈ ਅਤੇ ਬਹੁਤੇ ਸਕੂਲਾਂ ਵਿਚ ਸਮਾਜਿਕ ਸਿੱਖਿਆ ਦਾ ਅਧਿਆਪਕ ਹੀ ਅੰਗਰੇਜ਼ੀ ਵਿਸ਼ੇ ਨੂੰ ਪੜ੍ਹਾ ਰਿਹਾ ਹੈ। ਸਿੱਖਿਆ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਬਿਨਾ ਸਟੇਸ਼ਨ ਚੋਣ ਕਰਵਾਏ ਦੂਰ ਦੂਰ ਦੇ ਸਟੇਸ਼ਨ ਅਲਾਟ ਕਰ ਦਿੱਤੇ ਗਏ ਹਨ ਜੋ ਕਿ ਵਿਭਾਗ ਦੀ ਕਾਰਗਜ਼ਾਰੀ ਤੇ ਮਨਸ਼ਾ ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਇਨ੍ਹਾਂ ਅਧਿਆਪਕਾਂ ਵੱਲੋਂ ਸਰਕਾਰ ਤੇ ਸਿੱਖਿਆ ਮੰਤਰੀ ਅੱਗੇ ਮੰਗ ਰੱਖੀ ਗਈ ਹੈ ਕਿ ਇਨ੍ਹਾਂ ਨੂੰ ਪਟਿਆਲੇ ਜ਼ਿਲ੍ਹੇ ਵਿਚ ਹੀ ਅੰਗਰੇਜ਼ੀ ਮਾਸਟਰ ਦੀਆਂ ਪੋਸਟਾਂ ਦੇ ਕੇ ਜੁਆਇਨ ਕਰਾਇਆ ਜਾਵੇ ਤਾਂ ਜੋ ਇਹ ਅਧਿਆਪਕ ਚਿੰਤਾ ਮੁਕਤ ਹੋ ਕੇ ਆਪਣੀਆਂ ਸੇਵਾਵਾਂ ਦੇ ਸਕਣ।