- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕ ਡਾ. ਮੁਦੱਸਿਰ ਰਸ਼ੀਦ ਸਨਮਾਨਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਭਾਸ਼ਾ ਵਿਭਾਗ ਵੱਲੋਂ ਚਲਾਏ ਜਾ ਰਹੇ ਉਰਦੂ ਆਮੋਜ਼ ਕੋਰਸ ਦੇ ਵਿਦਿਆਰਥੀਆਂ ਵੱਲੋਂ ਭਾਸ਼ਾ ਭਵਨ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਨਿਯੁਕਤ ਉਰਦੂ ਭਾਸ਼ਾ ਦੇ ਅਧਿਆਪਕ ਡਾ. ਮੁਦੱਸਿਰ ਰਸ਼ੀਦ ਨੂੰ ਉਨ੍ਹਾਂ ਦੀਆਂ ਸਿੱਖਿਆ ਸੇਵਾਵਾਂ ਅਤੇ ਉਰਦੂ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਆਲ ਇੰਡੀਆ ਰੇਡੀਓ ਦੀ ਉਦਘੋਸ਼ਿਕਾ ਅੰਮ੍ਰਿਤਪਾਲ ਕੌਰ ਅਮਨ ਨੇ ਡਾ. ਮੁਦੱਸਿਰ ਰਸ਼ੀਦ ਦੀ ਸ਼ਖ਼ਸੀਅਤ ਅਤੇ ਵਿਦਵਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ਨਾਲ ਸਬੰਧਤ ਡਾ. ਰਸ਼ੀਦ ਉਰਦੂ ਭਾਸ਼ਾ ਅਤੇ ਸਾਹਿਤ ਦੇ ਸਮਰਪਿਤ ਵਿਦਵਾਨ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਫ਼ਾਰਸੀ-ਉਰਦੂ-ਅਰਬੀ ਵਿਭਾਗ ਤੋਂ ਉਰਦੂ ਵਿਸ਼ੇ ਵਿੱਚ ਪੀਐਚ.ਡੀ. ਕੀਤੀ ਹੈ। ਵਿਜੈ ਕੁਮਾਰ ਸ਼ਰਮਾ ਅਤੇ ਪਰਮਜੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਅਨਿਲ ਕੁਮਾਰ ਗੋਇਲ, ਅਰਸ਼ਪ੍ਰੀਤ ਕੌਰ, ਸੁਨੀਤਾ ਸਿੰਗਲਾ, ਮੋਨਿਕਾ, ਪ੍ਰੀਤਮ ਚੰਦ, ਕਰਮਨਜੋਤ ਕੌਰ ਅਤੇ ਅਦੀਸ਼ ਬਜਾਜ ਨੇ ਸ਼ਾਇਰੀ, ਕਵਿਤਾ, ਗੀਤ ਅਤੇ ਭਾਸ਼ਣ ਪੇਸ਼ ਕਰਦਿਆਂ ਡਾ. ਮੁਦੱਸਿਰ ਰਸ਼ੀਦ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ ਅਤੇ ਉਨ੍ਹਾਂ ਦੀਆਂ ਅਧਿਆਪਨ ਸੇਵਾਵਾਂ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਅਧਿਆਪਕ ਅਤੇ ਵਿਦਿਆਰਥੀ ਦੇ ਪਵਿੱਤਰ ਰਿਸ਼ਤੇ ਨੂੰ ਯਾਦ ਕਰਦਿਆਂ ਸਿੱਖਿਆ ਦੇ ਖੇਤਰ ਵਿਚ ਅਧਿਆਪਕਾਂ ਦੀ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਗੁਰਸੇਵਕ ਸਿੰਘ, ਡਾ. ਭਜਨ ਸਿੰਘ, ਡਾ. ਸਵਰਣ ਸਿੰਘ ਮਾਨ, ਗੁਰਦੀਪ ਸਿੰਘ ਅਤੇ ਉਰਦੂ ਆਮੋਜ਼ ਕੋਰਸ ਦੇ ਹੋਰ ਵਿਦਿਆਰਥੀ ਵੀ ਹਾਜ਼ਰ ਸਨ। ਸਮਾਗਮ ਸੁਹਿਰਦ ਅਤੇ ਭਾਵਪੂਰਤ ਮਾਹੌਲ ਵਿਚ ਸੰਪੰਨ ਹੋਇਆ।