- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕ ਜਥੇਬੰਦੀਆਂ ਵੱਲੋਂ ਪ੍ਰਾਇਮਰੀ ਸੈਂਟਰ ਖੇਡਾਂ ਦਾ ਬਾਈਕਾਟ

ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਸਿੱਖਿਆ ਵਿਭਾਗ ਦੇ ਪ੍ਰਾਇਮਰੀ ਵਿੰਗ ਦੀਆਂ ਜ਼ਿਲ੍ਹੇ ’ਚ ਚੱਲ ਰਹੀਆਂ ਸੈਂਟਰ ਖੇਡਾਂ ਦਾ ਅਧਿਆਪਕ ਜਥੇਬੰਦੀਆਂ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਹੈ ਤੇ ਬਲਾਕ ਅਫਸਰਾਂ ਨੂੰ ਇਹ ਖੇਡਾਂ ਨਾ ਕਰਵਾਉਣ ਦੀ ਅਪੀਲ ਕੀਤੀ ਹੈ। ਅਧਿਆਪਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਪ੍ਰਾਇਮਰੀ ਵਿੰਗ ਲਈ ਸੈਂਟਰ ਖੇਡਾਂ ਲਈ ਭੇਜੀ ਜਾਣ ਵਾਲੀ ਰਾਸ਼ੀ ਬਹੁਤ ਘੱਟ ਹੈ, ਜਿਸ ਨੂੰ ਵਧਾਉਣ ਲਈ ਪਹਿਲਾਂ ਹੀ ਡੀਈਓ ਤੇ ਡਿਪਟੀ ਕਮਿਸ਼ਨਰਾਂ ਰਾਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪੇ ਜਾ ਚੁੱਕੇ ਸਨ। ਅਧਿਆਪਕ ਆਗੂਆਂ ਅਨੁਸਾਰ ਸੈਂਟਰ ਖੇਡਾਂ ’ਚ 8 ਤੋਂ 9 ਸਕੂਲਾਂ ਦੇ ਬੱਚੇ ਖੇਡਾਂ ’ਚ ਭਾਗ ਲੈਂਦੇ ਹਨ, ਜਿਨ੍ਹਾਂ ਲਈ 2 ਹਜ਼ਾਰ ਰੁਪਏ ’ਚ ਸਾਰੇ ਪ੍ਰਬੰਧ ਕਰਨਾ ਅਸੰਭਵ ਹਨ। ਇਸ ਲਈ ਸਰਕਾਰ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਲਈ ਵਾਧੂ ਬਜਟ ਜਾਰੀ ਕਰੇ ਤਾਂਕਿ ਬੱਚਿਆਂ ਨੂੰ ਵਧੀਆਂ ਖਾਣਪੀਣ ਤੇ ਖੇਡ ਮਾਹੌਲ ਦਿੱਤਾ ਜਾ ਸਕੇ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ 16 ਸਿੱਖਿਆ ਬਲਾਕਾਂ ’ਚੋਂ ਕੁਝ ਬਲਾਕਾਂ ’ਚ ਸੈਂਟਰ ਪੱਧਰ ’ਤੇ ਖੇਡਾਂ ਹੋ ਵੀ ਚੁੱਕੀਆਂ ਸਨ ਪਰ ਸ਼ੁੱਕਰਵਾਰ ਨੂੰ ਬਲਾਕ ਭਾਦਸੋਂ-2 ਦੇ ਸੈਂਟਰ ਜਾਤੀਵਾਲ ’ਚ ਹੋ ਰਹੀਆਂ ਖੇਡਾਂ ਦੌਰਾਨ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਸਬੰਧਤ ਬਲਾਕ ਅਧਿਕਾਰੀ ਨੂੰ ਮੰਗ ਪੱਤਰ ਸੌਂਪ ਕੇ ਖੇਡਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ, ਜਿਸ ਉਪਰੰਤ ਸੈਂਟਰ ਖੇਡਾਂ ਨੂੰ ਮੌਕੇ ’ਤੇ ਹੀ ਰੱਦ ਕਰਨਾ ਪਿਆ। ਇਸ ਤੋਂ ਇਲਾਵਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਭੁੱਨਰਹੇੜੀ ਦੇ ਨਾਮ ਮੰਗ ਪੱਤਰ ਸੌਂਪ ਕੇ ਬਲਾਕ ਦੇ ਅਧਿਆਪਕਾਂ ਨੇ ਫੰਡਾਂ ਦੀ ਘਾਟ ਕਾਰਨ ਖੇਡਾਂ ਕਰਵਾਉਣ ’ਚ ਅਸਮਰਥਾ ਪ੍ਰਗਟਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਿਲ੍ਹਾ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ’ਚ ਹੋਣ ਵਾਲੀਆਂ ਖੇਡਾਂ ਲਈ ਨਿਗੁਣੀ ਰਾਸ਼ੀ ਜਾਰੀ ਕੀਤੀ ਜਾਂਦੀ ਹੈ, ਜਿਸ ਨਾਲ ਖੇਡਾਂ ਕਰਵਾਉਂਣੀਆ ਮੁਸ਼ਕਿਲ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਸੈਂਟਰ ਪੱਧਰ ਦੀਆਂ ਖੇਡਾਂ ਲਈ ਸਿਰਫ 2 ਹਜ਼ਾਰ ਰੁਪਏ ਭੇਜੇ ਜਾਂਦੇ ਹਨ, ਜਿਸ ਨਾਲ 8 ਤੋਂ 10 ਸਕੂਲਾਂ ਦੇ ਵਿਦਿਆਰਥੀਆਂ ਲਈ ਖੇਡਾਂ ਕਰਵਾਉਂਣੀਆਂ ਅਸੰਭਵ ਹਨ ਤੇ ਅਧਿਆਪਕ ਆਪਣੀਆਂ ਜੇਬਾਂ ਅਤੇ ਦਾਨੀ ਸੱਜਣਾਂ ਦੇ ਸਹਿਮਯੋਗ ਨਾਲ ਇਨ੍ਹਾਂ ਖੇਡਾਂ ਨੂੰ ਨੇਪਰੇ ਚਾੜ੍ਹਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੋਂ ਰਾਸ਼ੀ ਵਧਾਉਣ ਦੀ ਮੰਗ ਕਰਦਿਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਡਿਪਟੀ ਕਮਿਸ਼ਨਰ ਅਤੇ ਡੀਈਓ ਰਾਹੀ ਮੰਗ ਪੱਤਰ ਦਿੱਤੇ ਗਏ ਸਨ ਤੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਖੇਡਾਂ ਲਈ ਰਾਸ਼ੀ ’ਚ ਵਾਧਾ ਨਾ ਕੀਤਾ ਤਾਂ ਅਧਿਆਪਕ ਖੇਡਾਂ ਦਾ ਬਾਈਕਾਟ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਦੱਸਿਆ ਕਿ ਅੱਜ ਜਿਲ੍ਹੇ ਦੇ ਬਲਾਕ ਭਾਦਸੋਂ-2 ’ਚ ਸੈਂਟਰ ਖੇਡਾਂ ਹੋ ਰਹੀਆਂ ਸਨ, ਜਿਨ੍ਹਾਂ ਦਾ ਬਾਈਕਾਟ ਕਰਕੇ ਬੀਪੀਈਓ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਉਨ੍ਹਾਂ ਆਖਿਆ ਕਿ ਸਮੂਹ ਅਧਿਆਪਕ ਜਥੇਬੰਦੀਆਂ ਦਾ ਫੈਸਲਾ ਹੈ ਕਿ ਜਦੋਂ ਤੱਕ ਖੇਡਾਂ ਲਈ ਰਾਸ਼ੀ ਨਹੀਂ ਵਧਾਈ ਜਾਂਦੀ ਓਦੋਂ ਤੱਕ ਖੇਡਾਂ ’ਚ ਭਾਗ ਨਹੀਂ ਲਿਆ ਜਾਵੇਗਾ। ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਉਹ ਵਿਦਿਆਰਥੀਆਂ ਦੀਆ ਖੇਡਾਂ ਦੇ ਵਿਰੋਧੀ ਨਹੀਂ ਹਨ ਸਗੋਂ ਉਹ ਚਾਹੁੰਦੇ ਹਨ ਕਿ ਬੱਚਿਆਂ ਦੀਆਂ ਖੇਡਾਂ ਵਧੀਆਂ ਢੰਗ ਨਾਲ ਹੋਣ, ਜਿਸ ਲਈ ਲੋੜੀਂਦੀ ਰਾਸ਼ੀ ਉਪਲਬਧ ਹੋਵੇ। ਇਸ ਸਬੰਧੀ ਬਲਾਕ ਭਾਦਸੋਂ-2 ਦੇ ਬੀਪੀਈਓ ਜਗਜੀਤ ਸਿੰਘ ਨੌਹਰਾ ਨੇ ਆਖਿਆ ਕਿ ਇਸ ਸਬੰਧੀ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ।