ਪਟਿਆਲਾ ਦੇ ਪਿੰਡਾਂ ’ਚ ਸਵੱਛਤਾ ਹੀ ਸੇਵਾ 2026 ਮੁਹਿੰਮ ਦਾ ਆਗਾਜ਼ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ‘ਚ ਸਵੱਛਤਾ ਹੀ ਸੇਵਾ 2026 ਮੁਹਿੰਮ ਦਾ ਆਗਾਜ਼
Publish Date: Mon, 21 Sep 2026 04:11 PM (IST)
Updated Date: Mon, 21 Sep 2026 04:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੇ ਏਡੀਸੀ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ’ਚ ਸਵੱਛਤਾ ਹੀ ਸੇਵਾ 2026 ਮੁਹਿੰਮ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ਇਸ ਦੌਰਾਨ ਅਹਿਮ ਭੂਮਿਕਾ ਨਿਭਾਉਣਗੀਆਂ। ਏਡੀਸੀ ਮਾਨ ਨੇ ਕਿਹਾ ਕਿ 17 ਸਤੰਬਰ ਤੋਂ ਸ਼ੁਰੂ ਹੋਈਆਂ ਵਿਸ਼ੇਸ਼ ਸਫ਼ਾਈ ਤੇ ਜਾਗਰੂਕਤਾ ਗਤੀਵਿਧੀਆਂ 2 ਅਕਤੂਬਰ ਤੱਕ ਚੱਲਣਗੀਆਂ। ਇਸ ਮੌਕੇ ਡੀਐੱਸਓ ਰਸ਼ਪਿੰਦਰ ਸਿੰਘ ਦੀ ਦੇਖ-ਰੇਖ ਹੇਠ ਅੱਜ ਜ਼ਿਲ੍ਹਾ ਪ੍ਰੀਸ਼ਦ, ਪਟਿਆਲਾ ਵਿਖੇ ਜ਼ਿਲ੍ਹਾ ਪੱਧਰੀ ਸਵੱਛਤਾ ਹੀ ਸੇਵਾ 2026 ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਸਮਾਰੋਹ ’ਚ ਐੱਸਡੀਐੱਮ ਸਮਾਣਾ ਰਿਚਾ ਗੋਇਲ, ਡਿਪਟੀ ਸੀਈਓ ਅਮਨਦੀਪ ਕੌਰ ਅਤੇ ਡੀਡੀਪੀਓ ਮਹਿੰਦਰ ਸਿੰਘ ਸਮੇਤ ਸਮੂਹ ਬਲਾਕਾਂ ਨਾਭਾ, ਸਮਾਣਾ, ਰਾਜਪੁਰਾ, ਸਨੌਰ, ਪਾਤੜਾਂ, ਭੁਨਰਹੇੜੀ, ਘਨੌਰ, ਸ਼ੰਭੂ ਕਲਾਂ ਅਤੇ ਪਟਿਆਲਾ ਦੇ ਬੀਡੀਪੀਓਜ਼ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਮਾਜਿਕ ਸਟਾਫ਼ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸ਼ੁਰੂਆਤ ਦੇ ਨਾਲ ਹੀ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ’ਚ ਸਵੱਛਤਾ ਹੀ ਸੇਵਾ 2026 ਤਹਿਤ ਗਤੀਵਿਧੀਆਂ ਦਾ ਆਗਾਜ਼ ਹੋ ਗਿਆ ਹੈ ਅਤੇ ਇਹ ਮੁਹਿੰਮ (ਗਾਂਧੀ ਜੈਅੰਤੀ) ਤੱਕ ਨਿਰੰਤਰ ਜਾਰੀ ਰਹੇਗੀ। ਮੁਹਿੰਮ ਦਾ ਮੁੱਖ ਉਦੇਸ਼ ਪਿੰਡਾਂ ’ਚ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ, ਗ੍ਰਾਮ ਪੰਚਾਇਤਾਂ ਅਤੇ ਲੋਕਾਂ ਦੀ ਭਾਗੀਦਾਰੀ ਵਧਾਉਣਾ, ਪੇਂਡੂ ਕੂੜੇ ਦਾ ਸਹੀ ਨਿਪਟਾਰਾ (ਠੋਸ ਤੇ ਤਰਲ ਰਹਿੰਦ-ਖੂੰਹਦ ਦਾ ਪ੍ਰਬੰਧਨ) ਅਤੇ ਜਨਤਕ ਜਾਗਰੂਕਤਾ ਪੈਦਾ ਕਰਨਾ ਹੈ। ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ 2 ਅਕਤੂਬਰ ਤੱਕ ਜ਼ਿਲ੍ਹੇ ਦੇ ਸਾਰੇ ਪਿੰਡਾਂ ’ਚ ਸਫ਼ਾਈ ਮੁਹਿੰਮਾਂ, ਜਾਗਰੂਕਤਾ ਰੈਲੀਆਂ ਅਤੇ ਗ੍ਰਾਮ ਸਭਾਵਾਂ ਦੇ ਸਹਿਯੋਗ ਨਾਲ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਣਗੇ ਤਾਂ ਜੋ ਪੂਰੇ ਪੇਂਡੂ ਪਟਿਆਲਾ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਸਿਹਤਮੰਦ ਬਣਾਇਆ ਜਾ ਸਕੇ।