ਸੜਕ ’ਤੇ ਪਿਆ ਪਾੜ ਰਾਹਗੀਰਾਂ ਲਈ ਬਣਿਆ ਸਿਰਦਰਦੀ ਸੜਕ ’ਤੇ ਪਿਆ ਪਾੜ ਰਾਹਗੀਰਾਂ ਲਈ ਬਣਿਆ ਸਿਰਦਰਦੀ
Publish Date: Wed, 12 Aug 2026 03:49 PM (IST)
Updated Date: Wed, 12 Aug 2026 03:50 PM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਮਾਲੇਰਕੋਟਲਾ ਤੋਂ ਹਥਨ ਅਤੇ ਘਨੌਰ ਕਲਾਂ ਨੂੰ ਜਾਂਦੀ ਸੜਕ ਦਾ ਇੱਕ ਪਾਸਾ ਭਾਰੀ ਬਰਸਾਤ ਕਾਰਨ ਦਬ ਕੇ ਟੁੱਟ ਜਾਣ ਕਾਰਨ ਰਾਹਗੀਰਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਸੜਕ ਦੇ ਕਿਨਾਰੇ ਪਿਆ ਡੂੰਘਾ ਪਾੜ ਅਤੇ ਟੁੱਟਿਆ ਹਿੱਸਾ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਖ਼ਾਸ ਕਰਕੇ ਰਾਤ ਸਮੇਂ ਇਸ ਥਾਂ ਤੋਂ ਲੰਘਣ ਵਾਲੇ ਵਾਹਨਾਂ ਲਈ ਹਾਦਸੇ ਦਾ ਖ਼ਤਰਾ ਹੋਰ ਵੀ ਵਧ ਜਾਂਦਾ ਹੈ। ਇਸ ਸਬੰਧੀ ਗੁਰਪ੍ਰੀਤ ਸਿੰਘ , ਸੰਦੀਪ ਸਿੰਘ, ਨਾਜਰ ਸਿੰਘ, ਗੁਰਵਿੰਦਰ ਸਿੰਘ ਅਤੇ ਕਾਮਰੇਡ ਬੱਗਾ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਾਰਿਸ਼ ਕਾਰਨ ਸੜਕ ਦਾ ਇੱਕ ਪਾਸਾ ਬੁਰੀ ਤਰ੍ਹਾਂ ਦਬ ਗਿਆ ਅਤੇ ਟੁੱਟ ਕੇ ਹੇਠਾਂ ਵੱਲ ਖਿਸਕ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕ ਦੇ ਕਿਨਾਰੇ ਸੁਰੱਖਿਆ ਲਈ ਲੋੜੀਂਦੀ ਮਿੱਟੀ ਅਤੇ ਹੋਰ ਸਮੱਗਰੀ ਨਾ ਹੋਣ ਕਾਰਨ ਇਹ ਹਿੱਸਾ ਲਗਾਤਾਰ ਖ਼ਤਰਨਾਕ ਬਣਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਦਿਨ-ਰਾਤ ਛੋਟੇ-ਵੱਡੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਮਾਲੇਰਕੋਟਲਾ, ਹਥਨ, ਘਨੌਰ ਕਲਾਂ ਅਤੇ ਸ਼ੇਰਪੁਰ ਵੱਲ ਆਉਣ-ਜਾਣ ਵਾਲੇ ਲੋਕਾਂ ਤੋਂ ਇਲਾਵਾ ਭਾਰੀ ਵਾਹਨ ਵੀ ਅਕਸਰ ਇਸ ਰਸਤੇ ਤੋਂ ਲੰਘਦੇ ਹਨ। ਅਜਿਹੇ ਵਿੱਚ ਜੇਕਰ ਕਿਸੇ ਵਾਹਨ ਦਾ ਸੰਤੁਲਨ ਵਿਗੜ ਜਾਵੇ ਤਾਂ ਉਹ ਸੜਕ ਤੋਂ ਹੇਠਾਂ ਡਿੱਗ ਸਕਦਾ ਹੈ ਅਤੇ ਗੰਭੀਰ ਹਾਦਸਾ ਵਾਪਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਇਲਾਕਾ ਵਾਸੀਆਂ ਨੇ ਕਿਹਾ ਕਿ ਸੜਕ ਬਣਾਉਣ ਤੋਂ ਬਾਅਦ ਇਸ ਦੀ ਸਾਂਭ-ਸੰਭਾਲ ਅਤੇ ਮੁਰੰਮਤ ਵੱਲ ਲੋੜੀਂਦਾ ਧਿਆਨ ਨਾ ਦੇਣ ਕਾਰਨ ਅਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸੜਕ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨਾ, ਲੋੜ ਅਨੁਸਾਰ ਮਿੱਟੀ ਪਾਉਣਾ, ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਅਤੇ ਸਮੇਂ-ਸਮੇਂ ’ਤੇ ਸੜਕ ਦੀ ਹਾਲਤ ਦੀ ਜਾਂਚ ਕਰਨਾ ਸਬੰਧਤ ਵਿਭਾਗ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਸਬੰਧਤ ਲੋਕ ਨਿਰਮਾਣ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਜੇਕਰ ਸਮੇਂ ਸਿਰ ਇਸ ਪਾੜ ਨੂੰ ਭਰ ਕੇ ਸੜਕ ਦੇ ਕਿਨਾਰੇ ਨੂੰ ਮਜ਼ਬੂਤ ਨਾ ਕੀਤਾ ਗਿਆ ਤਾਂ ਬਰਸਾਤਾਂ ਦੌਰਾਨ ਸੜਕ ਦਾ ਹੋਰ ਹਿੱਸਾ ਵੀ ਦੱਬਣ ਜਾਂ ਟੁੱਟਣ ਦਾ ਖ਼ਦਸ਼ਾ ਹੈ। ਜਲਦ ਕਾਰਵਾਈ ਦੀ ਮੰਗ ਇਲਾਕਾ ਵਾਸੀਆਂ ਨੇ ਸਬੰਧਤ ਪੀਡਬਲਯੂਡੀ ਵਿਭਾਗ ਤੋਂ ਮੰਗ ਕੀਤੀ ਕਿ ਮੌਕੇ ਦਾ ਤੁਰੰਤ ਨਿਰੀਖਣ ਕਰਕੇ ਸੜਕ ਦੇ ਟੁੱਟੇ ਹਿੱਸੇ ਦੀ ਮੁਰੰਮਤ ਕਰਵਾਈ ਜਾਵੇ ਅਤੇ ਪਾੜ ਦੇ ਆਲੇ-ਦੁਆਲੇ ਮਿੱਟੀ ਪਾ ਕੇ ਸੜਕ ਦੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾਵੇ। ਇਸ ਤੋਂ ਇਲਾਵਾ ਰਾਤ ਸਮੇਂ ਹਾਦਸਿਆਂ ਤੋਂ ਬਚਾਅ ਲਈ ਖ਼ਤਰਨਾਕ ਥਾਂ ’ਤੇ ਚਿਤਾਵਨੀ ਬੋਰਡ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਵੀ ਕੀਤੇ ਜਾਣ। ਇਲਾਕਾ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਅਤੇ ਜਲਦ ਮੁਰੰਮਤ ਨਾ ਕਰਵਾਈ ਤਾਂ ਭਵਿੱਖ ਵਿੱਚ ਵਾਪਰਨ ਵਾਲੇ ਕਿਸੇ ਵੀ ਹਾਦਸੇ ਲਈ ਜ਼ਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ।