ਐੱਸਯੂਐੱਸ ਕਾਲਜ ਦੀ ਵਾਲੀਬਾਲ ਟੀਮ ਜਿੱਤਿਆ ਸੋਨ ਤਮਗਾ ਐੱਸਯੂਐੱਸ ਕਾਲਜ ਦੀ ਵਾਲੀਬਾਲ ਟੀਮ ਜਿੱਤਿਆ ਸੋਨ ਤਮਗਾ
Publish Date: Mon, 21 Sep 2026 03:51 PM (IST)
Updated Date: Tue, 22 Sep 2026 04:03 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ ਦੀ ਅਗਵਾਈ ਹੇਠ ਚੱਲ ਰਹੀ ਖੇਤਰ ਦੀ ਪ੍ਰਸਿੱਧ ਸੰਸਥਾ ਸ਼ਹੀਦ ਊਧਮ ਸਿੰਘ ਕਾਲਜ ਆਫ਼ ਮੈਨੇਜਮੈਂਟ, ਆਰਟਸ ਐਂਡ ਕੰਪਿਊਟਰ ਸਾਇੰਸ, ਮਹਲਾਂ ਚੌਕ ਨੇ ਖੇਡਾਂ ਦੇ ਖੇਤਰ ਵਿੱਚ ਇੱਕ ਹੋਰ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 16 ਅਤੇ 17 ਸਤੰਬਰ ਨੂੰ ਕਰਵਾਏ ਗਏ ਵਾਲੀਬਾਲ ਮੁਕਾਬਲਿਆਂ ਵਿੱਚ ਕਾਲਜ ਦੀ ਵਾਲੀਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗਾ ਜਿੱਤਿਆ। ਟੀਮ ਦੇ ਖਿਡਾਰੀਆਂ ਨੇ ਪੂਰੇ ਮੁਕਾਬਲੇ ਦੌਰਾਨ ਬੇਮਿਸਾਲ ਖੇਡ, ਅਨੁਸ਼ਾਸਨ, ਜਜ਼ਬੇ ਅਤੇ ਟੀਮ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਸ ਸ਼ਾਨਦਾਰ ਜਿੱਤ ਨਾਲ ਕਾਲਜ ਦਾ ਨਾਮ ਯੂਨੀਵਰਸਿਟੀ ਪੱਧਰ ’ਤੇ ਹੋਰ ਉੱਚਾ ਹੋਇਆ ਹੈ। ਇਸ ਪ੍ਰਾਪਤੀ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਇਹ ਰਹੀ ਕਿ ਵਾਲੀਬਾਲ ਟੀਮ ਦੇ ਅੱਠ ਖਿਡਾਰੀਆਂ ਦੀ ਚੋਣ ਆਲ ਇੰਡੀਆ ਅੰਤਰ-ਯੂਨੀਵਰਸਿਟੀ ਕੈਂਪ ਲਈ ਹੋਈ ਹੈ। ਇਹ ਚੋਣ ਕਾਲਜ ਅਤੇ ਖਿਡਾਰੀਆਂ ਲਈ ਵੱਡੀ ਪ੍ਰਾਪਤੀ ਹੈ ਅਤੇ ਇਸ ਨਾਲ ਵਿਦਿਆਰਥੀਆਂ ਦੀ ਖੇਡ ਪ੍ਰਤਿਭਾ ਨੂੰ ਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਦਾ ਮੌਕਾ ਮਿਲਿਆ ਹੈ। ਵਾਲੀਬਾਲ ਟੀਮ ਨੇ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ. ਜਗਬੀਰ ਸਿੰਘ ਦੀ ਅਗਵਾਈ ਹੇਠ ਖਿਡਾਰੀਆਂ ਦੇ ਨਿਰੰਤਰ ਅਭਿਆਸ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ। ਟੀਮ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਦੀ ਪ੍ਰਿੰਸੀਪਲ ਡਾ. ਕੁਲਵੰਤ ਕੌਰ, ਡਾ. ਰਾਜਵਿੰਦਰ ਸਿੰਘ (ਈਟੀਟੀ) ਅਤੇ ਸਾਰੇ ਵਿਭਾਗ ਮੁਖੀਆਂ ਨੇ ਖਿਡਾਰੀਆਂ, ਕੋਚਿੰਗ ਟੀਮ ਅਤੇ ਸਰੀਰਕ ਸਿੱਖਿਆ ਵਿਭਾਗ ਨੂੰ ਵਧਾਈ ਦਿੱਤੀ।