ਐਲੀਮੈਂਟਰੀ ਸਕੂਲ ਸੌਂਸਪੁਰ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਐਲੀਮੈਂਟਰੀ ਸਕੂਲ ਸੌਂਸਪੁਰ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
Publish Date: Wed, 18 Nov 2026 04:29 PM (IST)
Updated Date: Wed, 18 Nov 2026 04:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਬਲਾਕ ਭਾਦਸੋਂ-2 ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਸੌਂਸਪੁਰ ਵਿਖੇ ਸਕੂਲ ਦੀ ਬਿਹਤਰੀ, ਤਰੱਕੀ ਤੇ ਸਮੂਹ ਵਿਦਿਆਰਥੀਆਂ ਦੇ ਸੁਖਾਵੀਂ ਭਵਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਸਮਾਗਮ ਦੌਰਾਨ ਬਲਾਕ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਜੀਤ ਸਿੰਘ ਨੌਹਰਾ ਤੇ ਸੀ.ਐੱਚ.ਟੀ. ਜਸਪਾਲ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਦੇ ਦੌਰਾਨ ਹਰਕੀਰਤ ਕੌਰ ਅਤੇ ਜਪਰੀਤ ਕੌਰ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਸਕੂਲ ਅਧਿਆਪਕਾ ਅਮਨਪ੍ਰੀਤ ਕੌਰ ਅਤੇ ਸਕੂਲ ਅਧਿਆਪਕ ਰਾਜ ਕੁਮਾਰ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਾਨੂੰ ਸਮਾਜ ਅਤੇ ਬੱਚਿਆਂ ਦੇ ਭਲੇ ਲਈ ਨਿਰੰਤਰ ਕਾਰਜ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਬੀ.ਪੀ.ਈ.ਓ. ਜਗਜੀਤ ਸਿੰਘ ਨੇ ਕਿਹਾ ਕਿ ਨੈਤਿਕਤਾ ਅਤੇ ਧਾਰਮਿਕ ਸੰਸਕਾਰ ਸਾਡੀ ਸਿੱਖਿਆ ਪ੍ਰਣਾਲੀ ਨੂੰ ਸਹੀ ਦਿਸ਼ਾ ਦਿੰਦੇ ਹਨ। ਧਾਰਮਿਕ ਸਮਾਗਮ ਵਿਚ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਰਾਜਵੰਤ ਸਿੰਘ, ਸਰਪੰਚ ਪਰਮਜੀਤ ਕੌਰ, ਸੁਰਿੰਦਰ ਸਿੰਘ, ਹਰਦੀਪ ਸਿੰਘ, ਹਰਮਨ ਕੌਰ ਪ੍ਰਸਿੱਧ ਕਬੱਡੀ ਖਿਡਾਰੀ ਸੁਲਤਾਨ ਦੀ ਪਤਨੀ, ਆਂਗਣਵਾੜੀ ਵਰਕਰ ਜਸਵਿੰਦਰ ਕੌਰ, ਸਕੂਲ ਸਟਾਫ਼, ਵਿਦਿਆਰਥੀ ਅਤੇ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।