- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੰਜਾਈ ਵਿਭਾਗ ਪੁਲਿਸ ਫੋਰਸ ਨਾਲ ਮੁਹੱਇਆ ਕਰਾਏਗਾ ਬਨੂੜ ਕੇਨਾਲ ਰਾਂਹੀ ਪਾਣੀ

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਸਿੰਚਾਈ ਵਿਭਾਗ ਪੁਲਿਸ ਫੋਰਸ ਨਾਲ ਬਨੂੜ ਕੇਨਾਲ ਰਾਹੀਂ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਇਆ ਕਰਾਏਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਨਾਲ ਮੀਟਿੰਗ ਕਰਕੇ ਐੱਸਐੱਸਪੀ ਪਟਿਆਲਾ ਨੂੰ ਫੋਰਸ ਮੁਹੱਇਆ ਕਰਾਉਣ ਲਈ ਲਿਖਿਆ ਗਿਆ ਹੈ ਅਤੇ ਡਿਊਟੀ ਮੈਜਿਸਟ੍ਰੇਟ ਕਮ ਤਹਿਸੀਲਦਾਰ ਕਸ਼ਿਸ ਗਰਗ ਦੀ ਅਗਵਾਈ ਹੇਠ ਇਹ ਕਾਰਵਾਈ ਜਲਦ ਹੀ ਅਮਲ ’ਚ ਲਿਆਂਦੀ ਜਾਵੇਗੀ। ਘੱਗਰ ਨਦੀ ਨਾਲ ਸਬੰਧਤ ਕਿਸਾਨਾਂ ’ਚ ਸਰਕਾਰ ਦੀ ਇਸ ਕਾਰਵਾਈ ਪ੍ਰਤੀ ਡਾਢਾ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਐੱਸਡੀਓ ਗੁਰਿੰਦਰ ਸਿੰਘ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਡੀਸੀ ਮੁਹਾਲੀ ਨੇ ਮੀਟਿੰਗ ਉਪਰੰਤ ਪੁਲਿਸ ਸੁਰੱਖਿਆ ਦੇਣ ਦੀ ਗੱਲ ਆਖੀ ਹੈ ਅਤੇ ਫੋਰਸ ਲਈ ਐੱਸਐੱਸਪੀ ਪਟਿਆਲਾ ਨੂੰ ਲਿਖਤੀ ਬੇਨਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਫੋਰਸ ਮਿਲਣ ’ਤੇ ਡੈਮ ਦੇ ਗੇਟ ਬੰਦ ਕਰਾ ਦਿੱਤੇ ਜਾਣਗੇ ਅਤੇ ਨਹਿਰੀ ਪਾਣੀ ਚਲਦਾ ਕੀਤਾ ਜਾਵੇਗਾ। ਸਿੰਚਾਈ ਵਿਭਾਗ ਦੇ ਜ਼ਿਲ੍ਹੇਦਰ ਗੁਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਘੱਗਰ ਨਦੀ ਨਾਲ ਸਬੰਧਤ ਕਿਸਾਨ ਡੈਮ ਦੇ ਗੇਟ ਖੋਲ੍ਹ ਦਿੰਦੇ ਹਨ ਅਤੇ ਨਹਿਰੀ ਪਾਣੀ ਬੰਦ ਹੋ ਜਾਂਦਾ ਹੈ। ਨਹਿਰ ਨਾਲ ਸਬੰਧਤ ਕਿਸਾਨ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਸਾਧੂ ਸਿੰਘ ਖਲੋਰ, ਸੋਨੀ ਸੰਧੂ, ਸੁਰਿੰਦਰ ਸਿੰਘ ਛਿੰਦਾਂ, ਗੁਰਵਿੰਦਰ ਸਿੰਘ, ਗੁਰਚਰਨ ਸਿੰਘ ਮਮੋਲੀ ਆਦਿ ਨੇ ਇਸ ਕਾਰਵਾਈ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਖੇਤਰ ’ਚ ਪਾਣੀ ਦੀ ਘਾਟ ਹੈ ਅਤੇ ਧਰਤੀ ਹੇਠਲਾ ਪਾਣੀ ਡੂੰਘਾ ਹੈ। ਜੋ ਛੋਟੀ ਕਿਸਾਨੀ ਦੇ ਵੱਸ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਨਹਿਰ ਦਾ ਪਾਣੀ 88 ਪਿੰਡਾਂ ਦੇ ਕਰੀਬ 5200 ਏਕੜ ਰਕਬੇ ਨੂੰ ਲੱਗਦਾ ਹੈ। ਉਨਾਂ ਕਿਹਾ ਕਿ ਡੇਢ ਸੋਂ ਕਰੋੜ ਖਰਚ ਕੇ ਬਾਰਾਂ ਮਾਸਾਂ ਨਹਿਰੀ ਪਾਣੀ ਮੁਹੱਇਆ ਕਰਾਇਆ ਜਾਣਾ ਸੀ, ਪਰ ਜੇ ਨਹਿਰੀ ਪਾਣੀ ਨਹੀ ਮਿਲਣਾ, ਫਿਰ ਡੇਢ ਸੋਂ ਕਰੋੜ ਖਰਚਣ ਦੀ ਕੀ ਲੋੜ ਸੀ। ਉਨ੍ਹਾਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਨਹਿਰੀ ਪਾਣੀ ਮੁਹੱਇਆ ਕਰਾਉਣ ਦੀ ਮੰਗ ਕੀਤੀ।
ਦੂਜੇ ਪਾਸੇ ਘੱਗਰ ਨਦੀ ਨਾਲ ਲੱਗਦੇ ਪਿੰਡ ਹੰਸ਼ਾਲਾ, ਮਨੌਲੀ ਸੂਰਤ, ਛੜਬੜ, ਨੱਗਲ, ਬੁੱਢਣਪੁਰ, ਬਾਂਸਮਾ, ਝੱਜੋ, ਟਿਵਾਣਾ ਆਦਿ ਕਿਸਾਨਾਂ ਦਾ ਕਹਿਣਾ ਹੈ, ਕਿ ਸਿੰਚਾਈ ਵਿਭਾਗ ਦੀ ਹਾਜ਼ਰੀ ’ਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੋਵੇਂ ਪਾਸੇ ਦੇ ਕਿਸਾਨਾਂ ਦੀ ਹਾਜ਼ਰੀ ’ਚ 1 ਤੋਂ 10 ਤਾਰੀਕ ਤਕ ਨਹਿਰ ਵਿਚ ਪਾਣੀ ਛੱਡਣ ਅਤੇ 11 ਤੋਂ 30 ਤਾਰੀਕ ਤਕ ਘੱਗਰ ਨਦੀ ’ਚ ਪਾਣੀ ਛੱਡਣ ਦਾ ਲਿਖਤੀ ਸਮਝੌਤਾ ਕੀਤਾ ਹੋਇਆ ਹੈ। ਜਿਸ ਤਹਿਤ ਉਨ੍ਹਾਂ ਘੱਗਰ ਨਦੀ ਵੱਲ ਡੈਮ ਦੇ ਗੇਟ ਖੋਲੇ ਹਨ। ਉਨ੍ਹਾਂ ਕਿਹਾ ਕਿ ਜੇ ਸਿੰਚਾਈ ਵਿਭਾਗ ਸਮਝੌਤੇ ਦੇ ਉਲਟ ਕੋਈ ਕਾਰਵਾਈ ਕਰੇਗਾ। ਉਸ ਦਾ ਡਟਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਤਰਕ ਦਿੱਤਾ ਕਿ ਉਹ ਬਰਸਾਤ ਦੇ ਦਿਨਾਂ ’ਚ ਘੱਗਰ ਦੀ ਮਾਰ ਝੱਲਦੇ ਹਨ, ਫਿਰ ਲੋੜ ਵੇਲੇ ਪਾਣੀ ਕੋਈ ਹੋਰ ਵਰਤੇ ਇਹ ਬੇਇਨਸਾਫੀ ਹੈ। ਉਨ੍ਹਾਂ ਕਿਹਾ ਕਿ ਘੱਗਰ ਨਦੀ ਇਕ ਮਾਤਰ ਪਾਣੀ ਦਾ ਸਾਧਨ ਹੈ। ਜਿੱਥੋਂ ਲੱਖਾਂ ਰੁਪਏ ਖਰਚ ਕੇ ਪਾਈਪ ਲਾਈਨਾਂ ਪਾਈਆਂ ਗਈਆਂ ਹਨ ਅਤੇ ਲੀਫ਼ਟ ਕਰਕੇ ਨਦੀ ਤੋਂ ਪਾਣੀ ਚੁੱਕਦੇ ਹਨ। ਉਨ੍ਹਾਂ ਕਿਹਾ ਜੇ ਨਦੀ ਦਾ ਪਾਣੀ ਬੰਦ ਹੋ ਗਿਆ, ਉਨਾਂ ਦੀ ਜ਼ਮੀਨਾਂ ਬੰਜਰ ਬਣ ਜਾਣਗੀਆਂ ਤੇ ਉਹ ਬੇਰੁਜ਼ਗਾਰ ਹੋ ਜਾਣਗੇ।