ਪਿੰਡ ਬਾਲਦ ਖੁਰਦ ’ਚ ਟੀਬੀ ਜਾਗਰੂਕਤਾ ਕੈਂਪ ਲਾਇਆ ਪਿੰਡ ਬਾਲਦ ਖੁਰਦ ’ਚ ਟੀਬੀ ਜਾਗਰੂਕਤਾ ਕੈਂਪ ਲਾਇਆ
Publish Date: Wed, 14 Oct 2026 04:12 PM (IST)
Updated Date: Thu, 15 Oct 2026 04:00 AM (IST)
14 ਦਿਨਾਂ ਤੋਂ ਵੱਧ ਖੰਘ ਰਹਿਣ ’ਤੇ ਬਲਗਮ ਦੀ ਜਾਂਚ ਕਰਵਾਓ : ਡਾ. ਮਹੀਪ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਪਿੰਡ ਬਾਲਦ ਖੁਰਦ ਵਿਖੇ ਲੋਕਾਂ ਨੂੰ ਟੀਬੀ (ਤਪਦਿਕ) ਦੀ ਬਿਮਾਰੀ ਦੇ ਲੱਛਣਾਂ, ਬਚਾਅ, ਜਾਂਚ ਅਤੇ ਇਲਾਜ ਸਬੰਧੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਕਮਿਊਨਿਟੀ ਹੈਲਥ ਅਫ਼ਸਰ ਸੰਦੀਪ ਕੌਰ ਨੇ ਲੋਕਾਂ ਨੂੰ ਟੀਬੀ ਦੀ ਬਿਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਮੇਂ ਸਿਰ ਜਾਂਚ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਦੋ ਹਫ਼ਤਿਆਂ ਜਾਂ ਇਸ ਤੋਂ ਵੱਧ ਸਮੇਂ ਤੱਕ ਖੰਘ ਰਹਿਣਾ, ਸ਼ਾਮ ਸਮੇਂ ਬੁਖ਼ਾਰ ਹੋਣਾ, ਰਾਤ ਨੂੰ ਪਸੀਨਾ ਆਉਣਾ, ਭਾਰ ਘਟਣਾ, ਭੁੱਖ ਘੱਟ ਲੱਗਣਾ ਅਤੇ ਥਕਾਵਟ ਮਹਿਸੂਸ ਹੋਣਾ ਟੀਬੀ ਦੇ ਮੁੱਖ ਲੱਛਣ ਹੋ ਸਕਦੇ ਹਨ। ਅਜਿਹੇ ਲੱਛਣ ਦਿਖਾਈ ਦੇਣ ’ਤੇ ਬਿਨਾਂ ਦੇਰੀ ਬਲਗਮ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਲੋੜ ਅਨੁਸਾਰ ਡਾਕਟਰੀ ਸਲਾਹ ਨਾਲ ਐਕਸ-ਰੇ ਵੀ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਟੀਬੀ ਇੱਕ ਇਲਾਜਯੋਗ ਬਿਮਾਰੀ ਹੈ ਅਤੇ ਸਮੇਂ ਸਿਰ ਪਛਾਣ ਤੇ ਪੂਰਾ ਇਲਾਜ ਕਰਵਾਉਣ ਨਾਲ ਮਰੀਜ਼ ਠੀਕ ਹੋ ਸਕਦਾ ਹੈ। ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਨਿਯਮਿਤ ਤੌਰ ’ਤੇ ਅਤੇ ਨਿਰਧਾਰਤ ਸਮੇਂ ਤੱਕ ਲੈਣੀਆਂ ਜ਼ਰੂਰੀ ਹਨ। ਇਲਾਜ ਵਿਚਕਾਰ ਛੱਡਣ ਨਾਲ ਬਿਮਾਰੀ ਗੰਭੀਰ ਹੋਣ ਅਤੇ ਦਵਾਈਆਂ ਪ੍ਰਤੀ ਰੋਧਕ ਟੀ.ਬੀ. ਦਾ ਖ਼ਤਰਾ ਵਧ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟੀ.ਬੀ. ਸਿਰਫ਼ ਫੇਫੜਿਆਂ ਤੱਕ ਸੀਮਤ ਨਹੀਂ, ਸਗੋਂ ਸਰੀਰ ਦੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਐੱਚਆਈਵੀ ਪਾਜ਼ੇਟਿਵ ਵਿਅਕਤੀਆਂ, ਸ਼ੂਗਰ ਦੇ ਮਰੀਜ਼ਾਂ, ਡਾਇਲਸਿਸ ਕਰਵਾਉਣ ਵਾਲਿਆਂ, ਸਿਗਰਟਨੋਸ਼ੀ ਕਰਨ ਵਾਲਿਆਂ, 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਧੂੜ-ਮਿੱਟੀ ਵਾਲੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਟੀ.ਬੀ. ਸਬੰਧੀ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਮੌਕੇ ਹੈਲਥ ਵਰਕਰ (ਮੇਲ) ਪ੍ਰੇਮ ਕੁਮਾਰ, ਹੈਲਥ ਵਰਕਰ (ਫੀਮੇਲ) ਮੋਨਿਕਾ ਸ਼ਰਮਾ, ਬਲਜਿੰਦਰ ਸਿੰਘ, ਰੇਡੀਓਗ੍ਰਾਫਰ ਮੁਹੰਮਦ ਰਿਜ਼ਵਾਨ, ਆਸ਼ਾ ਵਰਕਰ ਸੁਖਵਿੰਦਰ ਕੌਰ ਅਤੇ ਸਰਬਜੀਤ ਕੌਰ ਹਾਜ਼ਰ ਸਨ।