ਸਲਾਈਟ ਲੌਂਗੋਵਾਲ ਵਿਖੇ ਵਿਦਿਆਰਥੀ ਦੀ ਮੌਤ ਸਲਾਈਟ ਲੌਂਗੋਵਾਲ ਵਿਖੇ ਵਿਦਿਆਰਥੀ ਦੀ ਮੌਤ
Publish Date: Fri, 27 Nov 2026 06:23 PM (IST)
Updated Date: Fri, 27 Nov 2026 06:25 PM (IST)
ਵਿਦਿਆਰਥੀਆਂ ਨੇ ਲਾਇਆ ਧਰਨਾ ਰਨਵੀਰ ਸਿੰਘ, ਪੰਜਾਬੀ ਜਾਗਰਣ, ਲੌਂਗੋਵਾਲ ਸੰਤ ਲੌਂਗੋਵਾਲ ਇੰਸਟੀਚਿਊਟ ਵਿੱਚ ਵਿਦਿਆਰਥੀ ਦੀ ਮੌਤ ਹੋ ਗਈ। ਜੋ ਕਿ ਬੁਝਾਰਤ ਬਣਦੀ ਜਾ ਰਹੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਿਦਿਆਰਥੀ ਦਾ ਕਤਲ ਹੋਇਆ ਹੈ, ਜਦੋਂ ਕਿ ਸੰਸਥਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਦੀ ਮੌਤ ਸੰਸਥਾ ਦੇ ਬਾਹਰ ਹੋਈ ਹੈ। ਵਿਦਿਆਰਥੀਆਂ ਨੇ ਦੇ ਰੋਸ ਵਜੋਂ ਸੰਸਥਾ ਦੇ ਗੇਟ ਬੰਦ ਕਰ ਧਰਨਾ ਤੇ ਬੈਠ ਗਏ ਅਤੇ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਵਿਨਰਜੀਤ ਗੋਲਡੀ ਨੇ ਮੌਕੇ ਤੇ ਪਹੁੰਚ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਲੌਂਗੋਵਾਲ ਥਾਣਾ ਮੁਖੀ ਗੁਲਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਚਣਾ ਮਿਲ਼ੀ ਕਿ ਸੰਤ ਲੌਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਬਾਹਰ ਡਰੇਨ ਦੀ ਪਟੜੀ ਤੇ ਇਕ ਨੌਜਵਾਨ ਦੀ ਲਾਸ਼ ਪਈ ਹੈ। ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਤੇ ਪਹੁੰਚੇ। ਨੌਜਵਾਨ ਦੀ ਲਾਸ਼ ਕਬਜ਼ੇ ਵਿੱਚ ਕਰਕੇ ਇਸ ਦੀ ਸ਼ਨਾਖਤ ਕੀਤੀ। ਇਹ ਲਾਸ਼ ਦੀ ਸ਼ਨਾਖਤ ਆਯੂਸ਼ ਕੁਮਾਰ ਵਾਸੀ ਸਮੱਸਤੀਪੁਰ (ਬਿਹਾਰ) ਵਜੋਂ ਹੋਈ। ਆਯੂਸ਼ ਕੁਮਾਰ ਸਲਾਈਟ ਸੰਸਥਾ ਦਾ ਵਿਦਿਆਰਥੀ ਸੀ। ਥਾਣਾ ਮੁਖੀ ਗੁਲਾਬ ਸਿੰਘ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ। ਫਾਰਸਿਸ਼ ਪ੍ਰਯੋਗਸ਼ਾਲਾ ਦੇ ਨੁਮਾਇੰਦਿਆਂ ਨੂੰ ਵੀ ਬੁਲਾਇਆ ਗਿਆ ਹੈ ਤਾਂ ਜੋ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕੇ। ਐੱਸ.ਐੱਚ.ਓ. ਨੇ ਦੱਸਿਆ ਕਿ ਘਟਨਾ ਸਬੰਧੀ ਮ੍ਰਿਤਕ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਉਵਰ ਡੋਜ਼ (ਜ਼ਿਆਦਾ ਮਾਤਰਾ ਵਿੱਚ) ਲੈਣ ਕਰਕੇ ਵਿਦਿਆਰਥੀ ਦੀ ਮੌਤ ਹੋਈ । ਇਹ ਮੌਤ ਸੰਸਥਾ ਦੇ ਪ੍ਰਬੰਧਕਾਂ ’ਤੇ ਵੀ ਕਈ ਸਵਾਲ ਖੜ੍ਹੇ ਕਰਦੀ ਹੈ ਕਿ ਵਿਦਿਆਰਥੀ ਹੋਸਟਲ ਵਿਚ ਰਹਿਦਾ ਸੀ ਤਾਂ ਉਹ ਰਾਤੀਂ ਹੋਸਟਲ ਨਾ ਹੋਵੇ ਤਾਂ ਕੀ ਹੋਸਟਲ ਇੰਚਾਰਜ ਨੂੰ ਪਤਾ ਨਹੀਂ? ਸਲਾਈਟ ਦੇ ਲੋਕ ਸੰਪਰਕ ਅਧਿਕਾਰੀ ਡਾ. ਐੱਸਐੱਸ ਪੂਨੀਆ ਨੇ ਕਿਹਾ ਕਿ ਇਹ ਘਟਨਾ ਸਲਾਈਟ ਲਈ ਬੇਹੱਦ ਮੰਦਭਾਗੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਿਦਿਆਰਥੀ ਨੂੰ ਇਨਸਾਫ਼ ਦਿਵਾਉਣ ਲਈ ਸਲਾਈਟ ਪ੍ਰਬੰਧਨ ਵੱਲੋਂ ਪੁਲਿਸ ਨੂੰ ਜਾਂਚ ਵਿੱਚ ਹਰ ਪੱਖੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਸਲਾਈਟ ਦੇ ਵਿਦਿਆਰਥੀ ਧਰਮਿੰਦਰ ਕੁਮਾਰ ਅਤੇ ਹੋਰਨਾਂ ਨੇ ਦੋਸ਼ ਲਾਇਆ ਕਿ ਮ੍ਰਿਤਕ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਹੱਤਿਆ ਕੀਤੀ ਗਈ ਹੈ ਅਤੇ ਲਾਸ਼ ਨੂੰ ਕਿਸੇ ਹੋਰ ਥਾਂ ਤੋਂ ਘੜੀਸ ਕੇ ਇੱਥੇ ਲਿਆ ਕੇ ਸੁੱਟਿਆ ਗਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੰਸਥਾ ਦੇ ਸੀਸੀਟੀਵੀ. ਕੈਮਰੇ ਲੰਮੇ ਸਮੇਂ ਤੋਂ ਬੰਦ ਪਏ ਹਨ। ਇਸ ਕਾਰਨ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸੰਸਥਾ ਦੇ ਅਨੁਸ਼ਾਸਨ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਦੂਜੇ ਪਾਸੇ, ਇਸ ਘਟਨਾ ਤੋਂ ਦੁਖੀ ਸਲਾਈਟ ਦੇ ਵਿਦਿਆਰਥੀਆਂ ਨੇ ਇਸ ਨੂੰ ਹੱਤਿਆ ਦਾ ਮਾਮਲਾ ਦੱਸਦਿਆਂ ਰੋਸ ਪ੍ਰਗਟਾਇਆ। ਇਸ ਦੇ ਵਿਰੋਧ ਵਿੱਚ ਵਿਦਿਆਰਥੀਆਂ ਨੇ ਸੰਸਥਾ ਦਾ ਮੇਨ ਗੇਟ ਬੰਦ ਕਰਕੇ ਪ੍ਰਦਰਸ਼ਨ ਕੀਤਾ। ਮਾਹੌਲ ਉਸ ਸਮੇਂ ਹੋਰ ਤਣਾਅਪੂਰਨ ਹੋ ਗਿਆ, ਜਦੋਂ ਪੁਲਿਸ ਲਾਸ਼ ਨੂੰ ਐਂਬੂਲੈਂਸ ਰਾਹੀਂ ਲਿਜਾ ਰਹੀ ਸੀ ਤਾਂ ਵਿਦਿਆਰਥੀਆਂ ਨੇ ਐਂਬੂਲੈਂਸ ਨੂੰ ਰੋਕ ਲਿਆ। ਐੱਸਐੱਚਓ ਗੁਲਾਬ ਸਿੰਘ ਨੇ ਵਿਦਿਆਰਥੀਆਂ ਨੂੰ ਸਮਝਾ-ਬੁਝਾ ਕੇ ਸ਼ਾਂਤ ਕਰਵਾਇਆ।