- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘੱਟ ਸਟਾਈਪੈਂਡ ਦੇ ਵਿਰੋਧ ’ਚ ਆਯੁਰਵੈਦਿਕ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਰੋਸ਼ ਮੁਜਾਹਰਾ

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, •ਪਟਿਆਲਾ : ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਦੇ ਬੈਚਲਰ ਆਫ਼ ਆਯੁਰਵੈਦਿਕ ਮੈਡੀਸਨ ਐਂਡ ਸਰਜਰੀ (ਬੀਏਐਮਐਸ)ਦੇ ਵਿਦਿਆਰਥੀਆਂ ਨੇ ਘੱਟ ਸਟਾਈਪੈਂਡ ਤੇ ਇਸ ਵਿਚ ਵਾਧਾ ਨਾ ਕੀਤੇ ਜਾਣ ਦੇ ਵਿਰੋਧ ਵਿਚ ਵੀਰਵਾਰ ਨੂੰ ਰੋਸ ਮੁਜ਼ਾਹਰਾ ਕੀਤਾ ਗਿਆ। ਵਿਦਿਆਰਥੀਆਂ ਦੀ ਮੰਗ ਹੈ ਕਿ ਉਨ੍ਹਾਂ ਦੇ ਸਟਾਈਪੈਂਡ ਵਿਚ ਵੀ ਹੋਰ ਮੈਡੀਕਲ ਕੋਰਸਾਂ ਦੇ ਵਿਦਿਆਰਥੀਆਂ ਦੀ ਤਰਜ਼ ’ਤੇ ਉਚਿਤ ਵਾਧਾ ਕੀਤਾ ਜਾਵੇ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਐੱਮਬੀਬੀਐੱਸ, ਬੀਡੀਐੱਸ ਤੇ ਵੈਟਰਨਰੀ ਵਿਦਿਆਰਥੀਆਂ ਦੇ ਸਟਾਈਪੈਂਡ ਵਿਚ ਸਮੇਂ-ਸਮੇਂ ’ਤੇ ਵਾਧਾ ਕੀਤਾ ਗਿਆ ਹੈ, ਜਦਕਿ ਬੀਏਐੱਮਐੱਸ ਵਿਦਿਆਰਥੀਆਂ ਦੇ ਸਟਾਈਪੈਂਡ ਵਿਚ ਉਸੇ ਅਨੁਸਾਰ ਵਾਧਾ ਨਹੀਂ ਹੋਇਆ। ਵਿਦਿਆਰਥੀਆਂ ਨੇ ਦੱਸਿਆ ਕਿ ਹੜਤਾਲ ਦਾ ਫ਼ੈਸਲਾ ਕਈ ਕੋਸ਼ਿਸ਼ਾਂ ਤੋਂ ਬਾਅਦ ਲਿਆ ਗਿਆ ਹੈ, ਉਹ ਆਪਣੀਆਂ ਮੰਗਾਂ ਸਬੰਧੀ ਸਰਕਾਰੀ ਅਧਿਕਾਰੀਆਂ ਨੂੰ ਕਈ ਵਾਰ ਪੱਤਰ ਭੇਜ ਚੁੱਕੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਨੁਮਾਇੰਦਿਆਂ ਵੱਲੋਂ ਸਬੰਧਤ ਅਧਿਕਾਰੀਆਂ ਤੇ ਸਿਹਤ ਮੰਤਰੀ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਉਨ੍ਹਾਂ ਅਨੁਸਾਰ ਅਜੇ ਤੱਕ ਮਸਲੇ ਦਾ ਠੋਸ ਹੱਲ ਨਹੀਂ ਨਿਕਲਿਆ। ਵਿਦਿਆਰਥੀਆਂ ਨੇ ਕਿਹਾ ਕਿ ਉਹ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੇ, ਸਗੋਂ ਆਪਣੀਆਂ ਮੰਗਾਂ ਦਾ ਸ਼ਾਂਤਮਈ ਅਤੇ ਸੰਵਿਧਾਨਕ ਤਰੀਕੇ ਨਾਲ ਹੱਲ ਚਾਹੁੰਦੇ ਹਨ। ਵਿਦਿਆਰਥੀਆਂ ਨੇ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਬੀਏਐਮਐਸ ਸਟਾਈਪੈਂਡ ’ਚ ਉਚਿਤ ਵਾਧਾ ਕਰਨ ਸਬੰਧੀ ਲਿਖਤੀ ਤੇ ਠੋਸ ਫ਼ੈਸਲਾ ਲਿਆ ਜਾਵੇ। ਇਸ ਸਬੰਧੀ ਵਿਦਿਆਰਥੀਆਂ ਨੇ ਦੱਸਿਆ ਕਿ ਅੱਜ ਕਾਲਜ ਤੋਂ ਹਸਪਤਾਲ ਤੱਕ ਰੋਸ਼ ਮਾਰਚ ਕਰਨਾ ਸੀ ਪਰ ਕਾਲਜ ਪ੍ਰਬੰਧਕਾਂ ਵੱਲੋਂ ਮੰਗ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦੇ ਭਰੋਸੇ ’ਤੇ ਰੋਸ ਮਾਰਚ ਮੁਲਤਵੀ ਕਰਕੇ ਸਰਕਾਰੀ ਆਯੁਰਵੈਦਿਕ ਹਸਪਤਾਲ ’ਚ ਰੋਸ ਮੁਜ਼ਾਹਰਾ ਕੀਤਾ ਗਿਆ।