ਪੰਜਾਬ ਬੰਦ ਦਾ ਪਟਿਆਲਾ ਦੇ ਦਿਹਾਤੀ ਖੇਤਰਾਂ ’ਚ ਭਰਵਾਂ ਹੁੰਗਾਰਾ, ਪੰਜਾਬੀ ਯੂਨੀਵਰਸਿਟੀ ਦੇ ਗੇਟ ਬੰਦ ਕਰਕੇ ਵਿਦਿਆਰਥੀਆਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ
ਦੂਜੇ ਪਾਸੇ ਪਟਿਆਲਾ ਸ਼ਹਿਰ ’ਚ ਬੰਦ ਦਾ ਅਸਰ ਇਕੋ ਜਿਹਾ ਨਹੀਂ ਰਿਹਾ। ਸ਼ਹਿਰ ਦੇ ਕਈ ਬਾਜ਼ਾਰਾਂ ’ਚ ਦੁਕਾਨਾਂ ਖੁੱਲ੍ਹੀਆਂ ਰਹੀਆਂ, ਜਦਕਿ ਕੁਝ ਥਾਵਾਂ ’ਤੇ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਬੰਦ ਰੱਖੇ। ਕਈ ਬਾਜ਼ਾਰਾਂ ’ਚ ਕੁਝ ਦੁਕਾਨਾਂ ਖੁੱਲ੍ਹੀਆਂ ਅਤੇ ਕੁਝ ਬੰਦ ਹੋਣ ਕਾਰਨ ਮਿਲਿਆ-ਜੁਲਿਆ ਮਾਹੌਲ ਦੇਖਣ ਨੂੰ ਮਿਲਿਆ।
Publish Date: Thu, 15 Oct 2026 11:35 AM (IST)
Updated Date: Thu, 15 Oct 2026 11:42 AM (IST)
ਪੰਜਾਬੀ ਜਾਗਰਣ ਟੀਮ, ਪਟਿਆਲਾ। ਮਾਨਸਾ ਵਿਖੇ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਗੋਲੀਆ ਮਾਰ ਕੇ ਕਤਲ ਦੇ ਵਿਰੋਧ ’ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਪਟਿਆਲਾ ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਅਤੇ ਕਸਬਿਆ ’ਚ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ, ਜਦਕਿ ਪਟਿਆਲਾ ਸ਼ਹਿਰ ’ਚ ਬੰਦ ਦਾ ਮਿਲਿਆ-ਜੁਲਿਆ ਅਸਰ ਦਿਖਾਈ ਦੇ ਰਿਹਾ ਹੈ।
ਦਿਹਾਤੀ ਖੇਤਰਾਂ ’ਚ ਮੈਡੀਕਲ ਸਟੋਰਾਂ ਨੂੰ ਛੱਡ ਕੇ ਜ਼ਿਆਦਾਤਰ ਦੁਕਾਨਾਂ ਬੰਦ ਹਨ, ਜਦਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਦੁਕਾਨਾਂ ਖੁੱਲ੍ਹੀਆਂ ਰਹੀਆਂ। ਬੰਦ ਦੇ ਸੱਦੇ ’ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਮੇਨ ਗੇਟ ਬੰਦ ਕਰਕੇ ਰੋਸ਼ ਮੁਜਾਹਰਾ ਕੀਤਾ ਗਿਆ। ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਵੱਲੋਂ ਵੀ ਪੰਜਾਬ ਬੰਦ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ’ਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਰੋਸ ਪ੍ਰਗਟਾਇਆ। ਇਸ ਦੌਰਾਨ ਜ਼ਿਆਦਾਤਰ ਨਿੱਜੀ ਵਿਦਿਅਕ ਅਦਾਰੇ ਵੀ ਬੰਦ ਹਨ।
ਦੂਜੇ ਪਾਸੇ ਪਟਿਆਲਾ ਸ਼ਹਿਰ ’ਚ ਬੰਦ ਦਾ ਅਸਰ ਇਕੋ ਜਿਹਾ ਨਹੀਂ ਰਿਹਾ। ਸ਼ਹਿਰ ਦੇ ਕਈ ਬਾਜ਼ਾਰਾਂ ’ਚ ਦੁਕਾਨਾਂ ਖੁੱਲ੍ਹੀਆਂ ਰਹੀਆਂ, ਜਦਕਿ ਕੁਝ ਥਾਵਾਂ ’ਤੇ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਬੰਦ ਰੱਖੇ। ਕਈ ਬਾਜ਼ਾਰਾਂ ’ਚ ਕੁਝ ਦੁਕਾਨਾਂ ਖੁੱਲ੍ਹੀਆਂ ਅਤੇ ਕੁਝ ਬੰਦ ਹੋਣ ਕਾਰਨ ਮਿਲਿਆ-ਜੁਲਿਆ ਮਾਹੌਲ ਦੇਖਣ ਨੂੰ ਮਿਲਿਆ।
ਇਸ ਦੇ ਨਾਲ ਹੀ ਹਾਈਵੇ ਦੀਆਂ ਸੜਕਾਂ ’ਤੇ ਆਮ ਦਿਨਾਂ ਦੇ ਮੁਕਾਬਲੇ ਆਵਾਜਾਈ ਵੀ ਘੱਟ ਰਹੀ। ਜ਼ਿਲ੍ਹੇ ’ਚ ਕਈ ਥਾਵਾਂ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਸਮਰਥਨ ਕਰਦਿਆ ਸੜਕਾਂ ’ਤੇ ਉਤਰ ਕੇ ਰੋਸ਼ ਜਾਹਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੇ ਬੰਦ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀ ਭਾਕਿਯੂ ਭਟੇੜੀਕਲਾ ਵੱਲੋਂ ਟੋਲ ਪਲਾਜਾ ਵੀ ਫਰੀ ਕੀਤਾ ਗਿਆ ਹੈ ।
ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਇਸ ਬੰਦ ਦੇ ਸੱਦੇ ਦਾ ਮੁੱਖ ਮਕਸਦ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਰੋਸ ਪ੍ਰਗਟਾਉਣਾ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਦਾ ਮੁੱਦਾ ਉਠਾਉਣਾ ਸੀ।