ਆਵਾਰਾ ਕੁੱਤਿਆਂ ਨੇ ਆਜੜੀ ਨੂੰ ਕੀਤਾ ਕੰਗਾਲ: ਇੱਕੋਂ ਰਾਤ ’ਚ ਸਾਰੀਆਂ ਭੇਡਾਂ-ਬੱਕਰੀਆਂ ਮਾਰੀਆਂ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਬਲਾਕ ਸਨੌਰ ਅਧੀਨ ਆਉਂਦੇ ਪਿੰਡ ਨੌਰੰਗਵਾਲ ’ਚ ਬੀਤੀ ਰਾਤ ਆਵਾਰਾ ਕੁੱਤਿਆਂ ਦੇ ਹਮਲੇ ਨਾਲ ਇੱਕ ਗਰੀਬ ਭੇਡਾਂ ਚਾਰਕ ਦਾ ਪਰਿਵਾਰ ਸੜਕ ’ਤੇ ਆ ਗਿਆ। ਆਵਾਰਾ ਕੁੱਤਿਆਂ ਦੇ ਝੁੰਡ ਨੇ ਪਿੰਡ ਵਾਸੀ ਕਰਮਜੀਤ ਸਿੰਘ ਦੇ ਵਾੜੇ ’ਤੇ ਹਮਲਾ ਕਰਕੇ ਉਸਦੀਆਂ ਸਾਰੀਆਂ ਭੇਡਾਂ ਅਤੇ ਬੱਕਰੀਆਂ ਨੂੰ ਮਾਰ ਦਿੱਤਾ।
Publish Date: Mon, 27 Jul 2026 12:14 PM (IST)
Updated Date: Mon, 27 Jul 2026 12:18 PM (IST)
ਰਵਿੰਦਰ ਸਿੰਘ ਪੰਜੇਟਾ, ਪੰਜਾਬੀ ਜਾਗਰਣ, ਸਨੌਰ। ਬਲਾਕ ਸਨੌਰ ਅਧੀਨ ਆਉਂਦੇ ਪਿੰਡ ਨੌਰੰਗਵਾਲ ’ਚ ਬੀਤੀ ਰਾਤ ਆਵਾਰਾ ਕੁੱਤਿਆਂ ਦੇ ਹਮਲੇ ਨਾਲ ਇੱਕ ਗਰੀਬ ਭੇਡਾਂ ਚਾਰਕ ਦਾ ਪਰਿਵਾਰ ਸੜਕ ’ਤੇ ਆ ਗਿਆ। ਆਵਾਰਾ ਕੁੱਤਿਆਂ ਦੇ ਝੁੰਡ ਨੇ ਪਿੰਡ ਵਾਸੀ ਕਰਮਜੀਤ ਸਿੰਘ ਦੇ ਵਾੜੇ ’ਤੇ ਹਮਲਾ ਕਰਕੇ ਉਸਦੀਆਂ ਸਾਰੀਆਂ ਭੇਡਾਂ ਅਤੇ ਬੱਕਰੀਆਂ ਨੂੰ ਮਾਰ ਦਿੱਤਾ।
ਭਾਵੁਕ ਹੁੰਦੇ ਹੋਏ ਪੀੜਤ ਕਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਪਸ਼ੂ ਪਾਲਣ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਉਸ ਕੋਲ ਕਰੀਬ 60-65 ਦੇ ਕਰੀਬ ਭੇਡਾਂ ਅਤੇ ਬੱਕਰੀਆਂ ਸਨ, ਜਿਨ੍ਹਾਂ ਦਾ ਦੁੱਧ ਤੇ ਊਨ ਵੇਚ ਕੇ ਘਰ ਦਾ ਖਰਚਾ ਅਤੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕਰਦਾ ਸੀ।
ਇਸ ਦੌਰਾਨ ਉਨ੍ਹਾਂ ਨੇ ਕਿਹਾ,‘‘ਬੀਤੀ ਰਾਤ ਕਰੀਬ 12 ਵਜੇ ਦੇ ਆਸਪਾਸ 10-12 ਆਵਾਰਾ ਕੁੱਤੇ ਮੇਰੇ ਵਾੜੇ ਦੀ ਵਾੜ ਤੋੜ ਕੇ ਅੰਦਰ ਵੜ ਗਏ। ਕੁੱਤਿਆਂ ਨੇ ਇੱਕ-ਇੱਕ ਕਰਕੇ ਸਾਰੇ ਪਸ਼ੂਆਂ ਨੂੰ ਵੱਢ-ਖਾ ਕੇ ਮਾਰ ਦਿੱਤਾ ਅਤੇ ਸਵੇਰੇ ਜਦੋਂ ਮੈਂ ਵਾੜੇ ’ਚ ਜਾ ਕੇ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ।’’ ਉਸਨੇ ਭਾਵੁਕ ਹੁੰਦਿਆਂ ਕਿਹਾ,‘‘ਮੈਂ ਕਰਜ਼ਾ ਲੈ ਕੇ ਇਹ ਪਸ਼ੂ ਖਰੀਦੇ ਸਨ। ਇਹੀ ਮੇਰੀ ਪੂੰਜੀ ਸੀ। ਇੱਕ ਰਾਤ ’ਚ ਸਭ ਕੁਝ ਖ਼ਤਮ ਹੋ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਕੀ ਖੁਆਵਾਂਗਾ।’’
ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਮੇਰੇ ਨਾਲ ਕੋਈ ਸਰਕਾਰੀ ਨੁਮਾਇੰਦਾ ਜਾਂ ਸਿਆਸੀ ਪਾਰਟੀਆਂ ਦੇ ਆਗੂ ਹਮਦਰਦੀ ਜਤਾਉਣ ਵੀ ਨਹੀਂ ਆਏ ਹਨ। ਗਰੀਬ ਪਰਿਵਾਰ ਲਈ ਇਹ ਬਹੁਤ ਵੱਡਾ ਨੁਕਸਾਨ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪੀੜਤ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।