ਸੜਕਾਂ ’ਤੇ ਮੌਤ ਬਣ ਕੇ ਘੁੰਮ ਰਹੇ ਲਾਵਾਰਿਸ ਪਸ਼ੂ, ਪ੍ਰਸ਼ਾਸਨ ਖਾਮੋਸ਼ ਸੜਕਾਂ ’ਤੇ ਮੌਤ ਬਣਕੇ ਘੁੰਮ ਰਹੇ ਲਾਵਾਰਿਸ ਪਸ਼ੂ, ਪ੍ਰਸ਼ਾਸ਼ਨ ਖਾਮੋਸ਼
Publish Date: Wed, 14 Oct 2026 03:59 PM (IST)
Updated Date: Thu, 15 Oct 2026 04:00 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਵਿੱਚ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਦਿਨ ਪ੍ਰਤੀਦਿਨ ਗੰਭੀਰ ਬਣਦੀ ਜਾ ਰਹੀ ਹੈ। ਸ਼ਹਿਰ ਦੀ ਕੋਈ ਅਜਿਹੀ ਗਲੀ, ਮੰਡੀ ਜਾਂ ਚੌਕ ਨਹੀਂ ਹੈ, ਜਿੱਥੇ ਬੇਸਹਾਰਾ ਪਸ਼ੂਆਂ ਦੇ ਝੁੰਡ ਨਾ ਦੇਖੇ ਜਾਣ। ਹਾਲਾਂਕਿ, ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਕਈ ਵਾਰ ਪਸ਼ੂਆਂ ਦੀ ਇਸ ਸਮੱਸਿਆ ਨੂੰ ਜਲਦੀ ਹੱਲ ਕਰਕੇ ਲੋਕਾਂ ਨੂੰ ਇਨ੍ਹਾਂ ਦੇ ਖ਼ੌਫ਼ ਤੋਂ ਬਚਾਉਣ ਦੇ ਵਾਅਦੇ ਅਤੇ ਦਾਅਵੇ ਕਰਦਾ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਸਾਲਾਂ ਤੋਂ ਇਸ ਗੰਭੀਰ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਵਾਰ-ਵਾਰ ਜਾਣੂ ਕਰਵਾਉਣ ਦੇ ਬਾਵਜੂਦ ਕੋਈ ਠੋਸ ਹੱਲ ਨਹੀਂ ਨਿਕਲਿਆ। ਨਤੀਜੇ ਵਜੋਂ ਰਾਹਗੀਰ ਇਨ੍ਹਾਂ ਪਸ਼ੂਆਂ ਕਾਰਨ ਜ਼ਖ਼ਮੀ ਹੋ ਰਹੇ ਹਨ। ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸੜਕਾਂ ’ਤੇ ਧੁੰਦ ਅਤੇ ਕੋਹਰਾ ਪੈਣਾ ਸ਼ੁਰੂ ਹੋ ਜਾਵੇਗਾ। ਅਜਿਹੇ ਵਿੱਚ ਸ਼ਹਿਰ ਅੰਦਰ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਹੋਰ ਵਧਣ ਦਾ ਖ਼ਦਸ਼ਾ ਹੈ। ਸ਼ਹਿਰ ਦੇ ਕਈ ਮੁੱਖ ਮਾਰਗਾਂ ਦੇ ਕਿਨਾਰਿਆਂ ’ਤੇ ਬੇਸਹਾਰਾ ਪਸ਼ੂਆਂ ਦੀ ਭਰਮਾਰ ਰਹਿੰਦੀ ਹੈ। ਸੜਕਾਂ ਦੇ ਕਿਨਾਰੇ ਬੈਠੇ ਇਹ ਪਸ਼ੂ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਰਾਹਗੀਰਾਂ ਤੋਂ ਲੈ ਕੇ ਵਾਹਨਾਂ ਤੱਕ ਨੂੰ ਪਹੁੰਚਾ ਰਹੇ ਨੁਕਸਾਨ ਕਈ ਵਾਰ ਇਹ ਪਸ਼ੂ ਆਪਸ ਵਿੱਚ ਭਿੜਦੇ ਹੋਏ ਵਾਹਨਾਂ ਅਤੇ ਦੁਕਾਨਾਂ ਦਾ ਨੁਕਸਾਨ ਕਰ ਦਿੰਦੇ ਹਨ। ਸੜਕ ’ਤੇ ਚੱਲ ਰਹੇ ਵਿਅਕਤੀਆਂ ਜਾਂ ਔਰਤਾਂ ਨੂੰ ਪਿੱਛਿਓਂ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੰਦੇ ਹਨ। ਕੁਝ ਹਾਦਸਿਆਂ ਵਿੱਚ ਲੋਕਾਂ ਦੀ ਜਾਨ ਤੱਕ ਜਾ ਚੁੱਕੀ ਹੈ। ਇਸ ਸਬੰਧੀ ਸ਼ਹਿਰ ਵਾਸੀ ਗੁਰਦੇਵ ਸਿੰਘ ਅਤੇ ਹਰਨਾਮ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਸਮੇਂ ਬਾਜ਼ਾਰ ਵਿੱਚੋਂ ਖ਼ਰੀਦਦਾਰੀ ਕਰਕੇ ਘਰ ਪਰਤਦੇ ਹਨ ਤਾਂ ਸੜਕ ’ਤੇ ਪਸ਼ੂਆਂ ਦੇ ਝੁੰਡ ਖੜ੍ਹੇ ਹੁੰਦੇ ਹਨ। ਖ਼ਾਸ ਕਰਕੇ ਹਨੇਰੇ ਵਿੱਚ ਕਾਲੇ ਰੰਗ ਦੇ ਪਸ਼ੂ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਹਾਦਸੇ ਵਾਪਰ ਜਾਂਦੇ ਹਨ। ਲੰਮੇ ਜਾਮ ਦਾ ਕਾਰਨ ਬਣ ਰਹੇ ਹਨ ਬੇਸਹਾਰਾ ਪਸ਼ੂ ਸ਼ਹਿਰ ਦੇ ਮੁੱਖ ਬਾਜ਼ਾਰਾਂ ਸੁਨਾਮੀ ਗੇਟ, ਧੂਰੀ ਗੇਟ, ਪਟਿਆਲਾ ਗੇਟ, ਮਾਤਾ ਕਾਲੀ ਮੰਦਰ ਦੇ ਨੇੜੇ, ਸ਼ਾਹੀ ਸਮਾਧਾਂ, ਸਬਜ਼ੀ ਮੰਡੀ ਅਤੇ ਮਹਿਲਾਂ ਚੌਕ ਵਿੱਚ ਕਈ ਵਾਰ ਪਸ਼ੂ ਆਪਸ ਵਿੱਚ ਲੜਨ ਲੱਗ ਪੈਂਦੇ ਹਨ। ਇਸ ਕਾਰਨ ਇੱਕ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਲੋਕਾਂ ਨੂੰ ਅਸੁਰੱਖਿਆ ਦਾ ਅਹਿਸਾਸ ਹੁੰਦਾ ਹੈ, ਉੱਥੇ ਹੀ ਇਹ ਟ੍ਰੈਫ਼ਿਕ ਦੀ ਸਮੱਸਿਆ ਦਾ ਕਾਰਨ ਵੀ ਬਣਦੇ ਹਨ, ਜਿਸ ਨਾਲ ਲੰਬੇ ਜਾਮ ਲੱਗ ਜਾਂਦੇ ਹਨ। ਇਹ ਪਸ਼ੂ ਵਾਹਨਾਂ ਦੇ ਸ਼ੀਸ਼ੇ, ਦਰਵਾਜ਼ੇ, ਦੋਪਹੀਆ ਵਾਹਨਾਂ ਦੀਆਂ ਤੇਲ ਵਾਲੀਆਂ ਟੈਂਕੀਆਂ ਅਤੇ ਹੈੱਡਲਾਈਟਾਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਉਨ੍ਹਾਂ ’ਤੇ ਸਵਾਰ ਵਿਅਕਤੀਆਂ ਅਤੇ ਔਰਤਾਂ ਨੂੰ ਵੀ ਜ਼ਖ਼ਮੀ ਕਰ ਦਿੰਦੇ ਹਨ। ਸ਼ਹਿਰ ਵਾਸੀਆਂ ਪੂਜਾ ਦੇਵੀ, ਆਨੰਦੀ ਕੁਮਾਰੀ ਤੇ ਸ਼ਾਂਤੀ ਆਦਿ ਔਰਤਾਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਰਦੀ ਦੇ ਮੌਸਮ, ਹਨੇਰੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੁਣੇ ਤੋਂ ਹੀ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪਸ਼ੂਆਂ ਦੇ ਗਲਾਂ ਵਿੱਚ ਚਮਕਦਾਰ ਰਿਫਲੈਕਟਰ ਟੇਪਾਂ ਪਾਈਆਂ ਜਾਣ ਤੇ ਉਨ੍ਹਾਂ ਦੇ ਸਿੰਗਾਂ ਜਾਂ ਸਿਰ ’ਤੇ ਵੀ ਕੋਈ ਅਜਿਹੀ ਪੱਟੀ ਲਗਾਈ ਜਾਵੇ, ਜਿਸ ਨਾਲ ਹਨੇਰੇ ਵਿੱਚ ਪਸ਼ੂਆਂ ਦੀ ਮੌਜੂਦਗੀ ਦਾ ਪਤਾ ਲੱਗ ਸਕੇ ਅਤੇ ਰਾਹਗੀਰ ਆਪਣਾ ਬਚਾਅ ਕਰ ਸਕਣ।