- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਪ੍ਰਾਇਮਰੀ ਸਕੂਲ ਦੇ 150 ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਰਕਾਰੀ ਪ੍ਰਾਇਮਰੀ ਸਕੂਲ ਰਾਜਪੁਰਾ 1 ਬਲਾਕ ਰਾਜਪੁਰਾ 2 ਨਜ਼ਦੀਕ ਪ੍ਰਤਾਪ ਕਾਲੋਨੀ, ਰਾਜਪੁਰਾ ਟਾਊਨ ਵਿਖੇ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਜੋੜਨ ਤੇ ਉਨ੍ਹਾਂ ਦੀ ਪੜ੍ਹਾਈ ਵਿਚ ਸਹਿਯੋਗ ਦੇਣ ਦੇ ਉਦੇਸ਼ ਨਾਲ ਵਿਦਿਆਰਥੀ ਕਲਿਆਣ ਪ੍ਰੀਸ਼ਦ ਵੱਲੋਂ ਸਟੇਸ਼ਨਰੀ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦੀਆਂ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਲਗਭਗ 150 ਵਿਦਿਆਰਥੀਆਂ ਨੂੰ ਸਟੇਸ਼ਨਰੀ ਸਮੱਗਰੀ ਪ੍ਰਦਾਨ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਪੈਨਸਿਲਾਂ, ਕਾਪੀਆਂ ਤੇ ਹੋਰ ਲੋੜੀਂਦੀ ਸਟੇਸ਼ਨਰੀ ਵੰਡੀ ਗਈ। ਇਸ ਉਪਰਾਲੇ ਦਾ ਮੁੱਖ ਮੰਤਵ ਲੋੜਵੰਦ ਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਤੇ ਨਾਲ ਸਬੰਧਤ ਪ੍ਰਗਤੀਸ਼ੀਲ ਬੱਚਿਆਂ ਨੂੰ ਪੜ੍ਹਾਈ ਲਈ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਵਿਚ ਸਿੱਖਿਆ ਪ੍ਰਤੀ ਉਤਸ਼ਾਹ ਪੈਦਾ ਕਰਨਾ ਸੀ। ਸਮਾਗਮ ਦੌਰਾਨ ਵਿਦਿਆਰਥੀ ਕਲਿਆਣ ਪ੍ਰੀਸ਼ਦ ਰਾਜਪੁਰਾ ਟਾਊਨ ਦੇ ਪੈਟਰਨ ਡਾ. ਮਥੁਰਾ ਦਾਸ ਸਵਤੰਤਰ, ਚੇਅਰਮੈਨ ਰਾਜ ਕੁਮਾਰ ਜੈਨ, ਪ੍ਰਧਾਨ ਨਰਿੰਦਰ ਵਧਵਾ ਤੇ ਸਕੱਤਰ ਵਿਨੋਦ ਕੁਮਾਰ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ, ਅਨੁਸ਼ਾਸਨ ਵਿਚ ਰਹਿਣ ਅਤੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੀ ਹੈੱਡ ਟੀਚਰ ਭੋਲੀ ਰਾਣੀ, ਜਸਬੀਰ ਕੌਰ ਅਤੇ ਨੀਰਜ ਜੈਨ ਹਾਜ਼ਰ ਰਹੇ। ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀ ਕਲਿਆਣ ਪ੍ਰੀਸ਼ਦ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰੀਸ਼ਦ ਦੇ ਪ੍ਰਧਾਨ ਨਰਿੰਦਰ ਵਧਵਾ ਨੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਵਿਚ ਕੀਤਾ ਗਿਆ ਨਿਵੇਸ਼ ਸਮਾਜ ਦੇ ਚੰਗੇ ਭਵਿੱਖ ਦੀ ਨੀਂਹ ਰੱਖਦਾ ਹੈ।