- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਟੇਟ ਕਾਲਜ ਵਿਖੇ ‘ਪੰਜਾਬੀ ਮਾਂਹ’ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵੱਲੋਂ ਪੰਜਾਬੀ ਸਾਹਿਤ ਸੱਭਿਆਚਾਰ ਮੰਚ ਪਟਿਆਲਾ ਦੇ ਸਹਿਯੋਗ ਨਾਲ ‘ਪੰਜਾਬੀ ਮਾਂਹ’ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਵਨੀਤਾ ਰਾਣੀ ਵੱਲੋਂ ਕੀਤੀ ਗਈ। ਇਸ ਮੌਕੇ ਵਿਸ਼ਵ ਪੰਜਾਬੀ ਕਾਨਫਰੰਸ ਟੋਰਾਂਟੋ, ਕੈਨੇਡਾ ਦੇ ਪ੍ਰਧਾਨ ਗਿਆਨ ਸਿੰਘ ਕੰਗ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਕਵੀ ਦਰਸ਼ਨ ਬੁੱਟਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਕੰਗ ਸਮਾਜ ਸੇਵਾ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਫੌਜੀ ਅਤੇ ਸਟੇਟ ਐਵਾਰਡੀ ਸੈਂਟਰ ਹੈੱਡ ਟੀਚਰ ਰਵਿੰਦਰ ਸਿੰਘ ਕੰਗ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਅਤੇ ਮੁੱਖ ਮਹਿਮਾਨਾਂ ਵੱਲੋ ਸ਼ਮ੍ਹਾਂ ਰੋਸ਼ਨ ਕਰਕੇ ਕੀਤੀ ਗਈ। ਕੋਆਰਡੀਨੇਟਰ ਰੁਪਿੰਦਰ ਸਿੰਘ ਲਾਇਬ੍ਰੇਰੀਅਨ ਵੱਲੋਂ ਆਏ ਹੋਏ ਮਹਿਮਾਨਾਂ, ਕਵੀਆਂ ਅਤੇ ਬੁਲਾਰਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪੰਜਾਬੀ ਮਾਹ ਦੇ ਇਸ ਸ਼ੁਭ ਅਵਸਰ ਤੇ ਪ੍ਰਿੰਸੀਪਲ ਪ੍ਰੋ. (ਡਾ.) ਵਨੀਤਾ ਰਾਣੀ ਨੇ ਆਪਣੇ ਪ੍ਰੇਰਨਾਦਾਇਕ ਸੰਦੇਸ਼ ’ਚ ਕਿਹਾ ਕਿ ਮਾਂ—ਬੋਲੀ ਕਿਸੇ ਵੀ ਕੌਮ ਦੀ ਹੋਂਦ, ਪਛਾਣ ਅਤੇ ਉਸ ਦੇ ਅਮੀਰ ਸੱਭਿਆਚਾਰ ਦਾ ਦਰਪਣ ਹੁੰਦੀ ਹੈ। ਮੁੱਖ ਮਹਿਮਾਨ ਗਿਆਨ ਸਿੰਘ ਕੰਗ ਨੇ ਕੈਨੇਡਾ ਅਤੇ ਹੋਰਨਾਂ ਮੁਲਕਾਂ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਅਤੇ ਵਿਸ਼ਵ ਪੱਧਰ ’ਤੇ ਮਿਲੀ ਮਾਨਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਉੱਤੇ ਹਮੇਸ਼ਾ ਮਾਣ ਹੋਣਾ ਚਾਹੀਦਾ ਹੈ।