ਬੈਂਕਾਕ ’ਚ ਭਾਰਤੀ ਕਰਾਟੇ ਖਿਡਾਰੀਆਂ ਨੇ ਗੱਡੇ ਝੰਡੇ, ਜਿੱਤੇ 10 ਤਗਮੇ ਬੈਂਕਾਕ ਵਿੱਚ ਭਾਰਤੀ ਕਰਾਟੇ ਖਿਡਾਰੀਆਂ ਨੇ ਗੱਡੇ ਝੰਡੇ, ਜਿੱਤੇ 10 ਤਗਮੇ
Publish Date: Tue, 03 Nov 2026 04:48 PM (IST)
Updated Date: Tue, 03 Nov 2026 04:50 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਬੈਂਕਾਕ ਵਿਚ ਕਰਵਾਈ ਅੰਤਰਰਾਸ਼ਟਰੀ ਕਰਾਟੇ ਤੇ ਸਪੋਰਟਸ ਮੀਟ ਵਿਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 10 ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਸ ਅੰਤਰਰਾਸ਼ਟਰੀ ਖੇਡ ਸਮਾਰੋਹ ਵਿਚ ਭਾਰਤ ਸਮੇਤ 17 ਤੋਂ ਵੱਧ ਦੇਸ਼ਾਂ ਦੇ ਖਿਡਾਰੀਆਂ, ਕਰਾਟੇ ਮਾਹਿਰਾਂ ਅਤੇ ਕੋਚਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿਚ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ਤੇ ਤਜਰਬਾ ਹਾਸਲ ਕਰਨ ਦਾ ਮੌਕਾ ਵੀ ਮਿਲਿਆ। ਮੁਕਾਬਲਿਆਂ ਦੌਰਾਨ ਭਾਰਤੀ ਖਿਡਾਰੀਆਂ ਨੇ ਕੁਮਿਤੇ ਅਤੇ ਕਾਤਾ ਵਰਗਾਂ ਵਿਚ ਆਪਣੀ ਖੇਡ ਤਕਨੀਕ, ਫੁਰਤੀ ਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐਂਜੇਲੀਨਾ ਨੇ ਦੋਵਾਂ ਵਰਗਾਂ ਵਿੱਚ ਬਿਹਤਰੀਨ ਖੇਡ ਦਿਖਾਉਂਦਿਆਂ ਦੋ ਸੋਨੇ ਦੇ ਤਗਮੇ ਆਪਣੇ ਨਾਮ ਕੀਤੇ। ਇਸੇ ਤਰ੍ਹਾਂ ਹਰਨੂਰ ਸਿੰਘ ਨੇ ਕੁਮਿਤੇ ਅਤੇ ਕਾਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨੇ ਦੇ ਤਗਮੇ ਜਿੱਤੇ। ਜਗਦੀਪ ਸਿੰਘ ਨੇ ਵੀ ਦੋਵਾਂ ਮੁਕਾਬਲਿਆਂ ਵਿੱਚ ਵਿਰੋਧੀ ਖਿਡਾਰੀਆਂ ਨੂੰ ਪਛਾੜਦਿਆਂ ਦੋ ਸੋਨੇ ਦੇ ਤਗਮੇ ਹਾਸਲ ਕੀਤੇ। ਇਸ ਤੋਂ ਇਲਾਵਾ ਬ੍ਰਹਮਜੋਤ ਸਿੰਘ ਨੇ ਇਕ ਸੋਨੇ ਅਤੇ ਇਕ ਚਾਂਦੀ ਦਾ ਤਗਮਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। ਜਸਮਨਜੋਤ ਕੌਰ ਨੇ ਵੀ ਕੁਮਿਤੇ ਅਤੇ ਕਾਤਾ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਗਮਾ ਹਾਸਲ ਕੀਤਾ। ਉੱਥੇ ਹੀ ਲਵਪ੍ਰੀਤ ਕੌਰ ਨੇ ਕੁਮਿਤੇ ਵਰਗ ਵਿਚ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਇਸ ਤਰ੍ਹਾਂ ਭਾਰਤੀ ਖਿਡਾਰੀਆਂ ਨੇ ਕੁੱਲ ਸੱਤ ਸੋਨੇ ਅਤੇ ਤਿੰਨ ਚਾਂਦੀ ਦੇ ਤਗਮੇ ਜਿੱਤ ਕੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰਾਪਤੀ ਤੇ ਕੋਚ ਅਰਮਾਨ ਸਿੰਘ ਅਤੇ ਸੰਦੀਪ ਸਿੰਘ ਨੂੰ ਵੀ ਵਧਾਈ ਦਿੱਤੀ ਗਈ।