- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਲਸਾ ਕਾਲਜ ਵਿਖੇ ‘ਨੌਜਵਾਨਾਂ ’ਚ ਜੀਵਨ ਹੁਨਰਾਂ ਦਾ ਵਿਕਾਸ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਖਾਲਸਾ ਕਾਲਜ ਪਟਿਆਲਾ ਦੇ ਯੂਥ ਕਲੱਬ, ਰੈੱਡ ਕਰਾਸ ਸੁਸਾਇਟੀ ਤੇ ਰੈੱਡ ਰਿਬਨ ਕਲੱਬ ਦੇ ਸਾਂਝੇ ਉੱਦਮ ਨਾਲ ‘ਨੌਜਵਾਨਾਂ ਵਿਚ ਜੀਵਨ ਹੁਨਰਾਂ ਦਾ ਨਿਰਮਾਣ : ਵਿਦਿਆਰਥੀਆਂ ਲਈ ਅਨੁਭਵੀ ਸਿਖਲਾਈ ਯਾਤਰਾ’ ਵਿਸ਼ੇ ’ਤੇ ਵਿਸ਼ੇਸ਼ ਗੈਸਟ ਲੈਕਚਰ ਕਰਵਾਇਆ ਗਿਆ। ਸਮਾਗਮ ਵਿੱਚ ਪ੍ਰੋਗਰਾਮ ਮੈਨੇਜਰ ਮਿਸ ਨਵਨੀਤ ਕੌਰ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਮਿਸ ਨਵਨੀਤ ਕੌਰ ਨੇ ਇੰਟਰਐਕਟਿਵ ਢੰਗ ਨਾਲ ਵਿਦਿਆਰਥੀਆਂ ਨੂੰ ਜੀਵਨ ਹੁਨਰਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਿੱਜੀ ਤੇ ਸਮਾਜਿਕ ਜੀਵਨ ਵਿਚ ਸਫਲਤਾ ਲਈ ਪ੍ਰਭਾਵਸ਼ਾਲੀ ਸੰਚਾਰ, ਸਹੀ ਫੈਸਲਾ ਲੈਣ ਦੀ ਸਮਰੱਥਾ, ਟੀਮ ਭਾਵਨਾ ਅਤੇ ਚੁਣੌਤੀਆਂ ਦਾ ਹਿੰਮਤ ਨਾਲ ਸਾਹਮਣਾ ਕਰਨ ਵਰਗੇ ਗੁਣ ਬੇਹੱਦ ਜ਼ਰੂਰੀ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਵਿਚ ਜੀਵਨ ਦੇ ਜ਼ਰੂਰੀ ਹੁਨਰ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਵਿਹਾਰਕ ਜੀਵਨ ਲਈ ਵੀ ਤਿਆਰ ਕਰਦੀਆਂ ਹਨ। ਸੁਸਾਇਟੀ ਤੇ ਕਲੱਬ ਦੀ ਕਨਵੀਨਰ ਡਾ. ਗੁਰਸਿਮਰਜੀਤ ਕੌਰ ਨੇ ਭਵਿੱਖ ਵਿਚ ਵੀ ਵਿਦਿਆਰਥੀਆਂ ਦੀ ਸ਼ਖਸੀਅਤ ਨਿਖਾਰਨ ਲਈ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਵਚਨਬੱਧਤਾ ਪ੍ਰਗਟਾਈ। ਪ੍ਰੋ. ਜਗਸੀਰ ਸਿੰਘ ਨੇ ਮੰਚ ਸੰਚਾਲਨ ਕੀਤਾ ਅਤੇ ਅੰਤ ਵਿਚ ਮੁੱਖ ਵਕਤਾ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।