- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਾਲਸਾ ਕਾਲਜ ਵਿਖੇ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਖਾਲਸਾ ਕਾਲਜ ਪਟਿਆਲਾ ਦੇ ਸਮਾਜ ਵਿਗਿਆਨ ਵਿਭਾਗ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮੌਕੇ ’ਤੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦਾ ਮੁੱਖ ਉਦੇਸ਼ ਸਮਾਜ ਤੇ ਪੂਰੀ ਦੁਨੀਆ ਵਿਚ ਸ਼ਾਂਤੀ, ਏਕਤਾ ਤੇ ਆਪਸੀ ਭਾਈਚਾਰੇ ਦਾ ਸੁਨੇਹਾ ਪਹੁੰਚਾਉਣਾ ਸੀ। ਸਮਾਗਮ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀਆਂ ਨੂੰ ਇਕ ਪ੍ਰੇਰਨਾਦਾਇਕ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸ਼ਾਂਤੀ ਦਾ ਮਤਲਬ ਸਿਰਫ਼ ਲੜਾਈ ਜਾਂ ਟਕਰਾਅ ਦੀ ਗੈਰ-ਮੌਜੂਦਗੀ ਹੀ ਨਹੀਂ ਹੈ, ਸਗੋਂ ਸਮਾਜ ਵਿਚ ਇਨਸਾਫ਼, ਬਰਾਬਰੀ, ਆਪਸੀ ਸਤਿਕਾਰ ਅਤੇ ਸਹਿਯੋਗ ਦੀ ਮੌਜੂਦਗੀ ਹੀ ਅਸਲ ਸ਼ਾਂਤੀ ਦੀ ਨਿਸ਼ਾਨੀ ਹੈ। ਇਸ ਮੌਕੇ ਵਿਭਾਗ ਦੇ ਮੁਖੀ ਜਤਿੰਦਰ ਸਿੰਘ ਭੂਟਾਲ ਨੇ ਵੀ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਪ੍ਰੋਗਰਾਮ ਦੌਰਾਨ ਡਾਕਟਰ ਸੁਪ੍ਰੀਤ ਨੇ ਇਕ ਵਿਸ਼ੇਸ਼ ਕੰਪਿਊਟਰ ਪ੍ਰਦਰਸ਼ਨੀ (ਸਲਾਈਡ ਸ਼ੋਅ) ਰਾਹੀਂ ਵਿਦਿਆਰਥੀਆਂ ਨੂੰ ’ਸ਼ਾਂਤੀ ਦੇ ਅੱਠ ਥੰਮ੍ਹ’ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਿਸ਼ਵ ਸ਼ਾਂਤੀ ਦਿਵਸ ਦੇ ਇਸ ਮੌਕੇ ’ਤੇ ਕਾਲਜ ਦੇ ਵਿਦਿਆਰਥੀਆਂ ਨੇ ਵੀ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਕਈ ਵਿਦਿਆਰਥੀਆਂ ਨੇ ਮੰਚ ਤੋਂ ਆਪਣੇ ਵਿਚਾਰ ਸਾਂਝੇ ਕੀਤੇ, ਜਦਕਿ ਕੁਝ ਵਿਦਿਆਰਥੀਆਂ ਨੇ ਚਿੱਤਰਕਾਰੀ ਤੇ ਪੋਸਟਰ ਕਲਾ ਰਾਹੀਂ ਅਮਨ-ਚੈਨ ਦਾ ਸੁਨੇਹਾ ਦਿੱਤਾ। ਸਮਾਗਮ ਦੇ ਅੰਤ ਵਿਚ ਪ੍ਰੋਫੈਸਰ ਮਨਪ੍ਰੀਤ ਕੌਰ ਨੇ ਪ੍ਰੋਗਰਾਮ ਵਿੱਚ ਪਹੁੰਚੇ ਸਮੂਹ ਮਹਿਮਾਨਾਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਹ ਸਮਾਗਮ ਵਿਦਿਆਰਥੀਆਂ ਦੇ ਮਨਾਂ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਮੁੱਖ ਮੁੱਲਾਂ ਨੂੰ ਪੱਕਾ ਕਰਨ ਵਿਚ ਸਫ਼ਲ ਰਿਹਾ।