- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਸ਼ਨ ਕਲੀਨ ਪਟਿਆਲਾ ਤਹਿਤ ਚਲਾਈ ਗਈ ਵਿਸ਼ੇਸ਼ ਸਫ਼ਾਈ ਮੁਹਿੰਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਦੀ ਅਗਵਾਈ ਹੇਠ, ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਸ਼ਹਿਰ ਨੂੰ ਸਾਫ਼-ਸੁਥਰਾ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਚੱਲ ਰਹੇ ’ਮਿਸ਼ਨ ਕਲੀਨ ਪਟਿਆਲਾ’ ਤਹਿਤ ਖ਼ਾਲਸਾ ਕਾਲਜ ਪਟਿਆਲਾ ਵੱਲੋਂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਲੋਕ-ਮੁਖੀ ਮੁਹਿੰਮ ਦਾ ਮੁੱਖ ਉਦੇਸ਼ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਸਫ਼ਾਈ ਕਰਨਾ, ਘਰਾਂ ਤੇ ਉਦਯੋਗਾਂ ਤੋਂ ਹੀ ਕੂੜੇ ਨੂੰ ਵੱਖ-ਵੱਖ ਕਰਨ ਦੀ ਆਦਤ ਪਾਉਣਾ ਤੇ ਸਿੰਗਲ-ਯੂਜ਼ ਪਲਾਸਟਿਕ ਦੇ ਮੁਕੰਮਲ ਖ਼ਾਤਮੇ ਲਈ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਇਸ ’ਚ ’ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਵਰਗੀਆਂ ਸਮਾਜਿਕ ਸੰਸਥਾਵਾਂ, ਸਕੂਲਾਂ ਅਤੇ ਕਾਲਜਾਂ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਖ਼ਾਲਸਾ ਕਾਲਜ ਪਟਿਆਲਾ ਦੇ ਐੱਨਐੱਸਐੱਸ ਵਿਭਾਗ ਤੇ ਐੱਨਸੀਸੀ ਦੇ ਵੱਖ-ਵੱਖ ਵਿੰਗਾਂ ਵੱਲੋਂ ਇਕ ਵਿਸ਼ੇਸ਼ ਸਫ਼ਾਈ ਮੁਹਿੰਮ ਕਰਵਾਈ ਗਈ। ਇਸ ਮੁਹਿੰਮ ਦੌਰਾਨ ਵਿਦਿਆਰਥੀਆਂ ਅਤੇ ਕੈਡਟਾਂ ਨੇ ਉਤਸ਼ਾਹਪੂਰਵਕ ਹਿੱਸਾ ਲੈਂਦਿਆਂ ਕਾਲਜ ਦੇ ਗੇਟ ਨੰਬਰ ਇੱਕ ਤੋਂ ਲੈ ਕੇ 23 ਨੰਬਰ ਫਾਟਕ ਤੱਕ ਸੜਕ ਉੱਪਰ ਪਏ ਹੋਏ ਪੌਲੀਥੀਨ ਤੇ ਪਲਾਸਟਿਕ ਦੇ ਕੂੜੇ ਨੂੰ ਇਕੱਤਰ ਕਰਕੇ ਸਫ਼ਾਈ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਐੱਨ.ਐੱਸ.ਐੱਸ. ਦੇ ਪ੍ਰੋਗਰਾਮ ਅਫ਼ਸਰ ਅਤੇ ਐੱਨ.ਸੀ.ਸੀ. ਵਿੰਗਾਂ ਦੇ ਇੰਚਾਰਜ ਸਾਹਿਬਾਨ ਹਾਜ਼ਰ ਸਨ। ਇਸ ਸਫ਼ਾਈ ਮੁਹਿੰਮ ’ਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਨ ਇੰਜੀਨੀਅਰ ਗੁਰਕਰਨ ਸਿੰਘ ਅਤੇ ਜੂਨੀਅਰ ਇੰਜੀਨੀਅਰ ਦੀਪਕ ਕੁਮਾਰ ਸਲਾਰੀਆ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਵਾਤਾਵਰਨ ਇੰਜੀਨੀਅਰ ਗੁਰਕਰਨ ਸਿੰਘ ਨੇ ਕਿਹਾ ਕਿ ’ਮਿਸ਼ਨ ਕਲੀਨ ਪਟਿਆਲਾ’ ਨੂੰ ਸਫ਼ਲ ਬਣਾਉਣ ਲਈ ਆਮ ਨਾਗਰਿਕਾਂ ਅਤੇ ਨੌਜਵਾਨਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀਆਂ ਅਤੇ ਅਫ਼ਸਰ ਸਾਹਿਬਾਨ ਦੇ ਇਸ ਸਾਂਝੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।