ਕੰਪਿਊਟਰ ਅਧਿਆਪਕਾਂ ਵਿਰੁੱਧ ਪਰਚੇ ਦਰਜ ਕਰਨ ਦਾ ਕੀਤਾ ਵਿਰੋਧ ਅਧਿਆਪਕਾਂ ਵਿਰੁੱਧ ਦਰਜ ਪਰਚੇ ਦਾ ਮਸਲਾ ਹੱਲ ਕਰਨ ਦਾ ਐੱਸਪੀ (ਡੀ) ਵੱਲੋਂ ਦੁਬਾਰਾ ਭਰੋਸਾ
Publish Date: Fri, 14 Aug 2026 04:24 PM (IST)
Updated Date: Fri, 14 Aug 2026 04:26 PM (IST)
ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਐੱਸਪੀ ਨਾਲ ਕੀਤੀ ਮੁਲਾਕਾਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਜਨਵਰੀ 2025 ਵਿੱਚ ਕੰਪਿਊਟਰ ਅਧਿਆਪਕਾਂ ਦੇ ਸੰਗਰੂਰ ਵਿਖੇ ਲਗਾਤਾਰ ਚੱਲੇ ਸੰਘਰਸ਼ ਦੌਰਾਨ ਸੰਗਰੂਰ ਪੁਲਿਸ ਵੱਲੋਂ ਚਾਰ ਕੰਪਿਊਟਰ ਅਧਿਆਪਕਾਂ ਅਤੇ ਦੋ ਡੀਟੀਐੱਫ ਆਗੂਆਂ ਸਮੇਤ ਕਈ ਅਣਪਛਾਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦਰਜ ਕੀਤੇ ਪਰਚੇ ਸਬੰਧੀ ਅਧਿਆਪਕ ਅਤੇ ਜਨਤਕ ਜ਼ਮਹੂਰੀ ਜਥੇਬੰਦੀਆਂ ਦਾ ਵਫ਼ਦ ਐੱਸਪੀ (ਡੀ) ਦਵਿੰਦਰ ਅੱਤਰੀ ਨੂੰ ਮਿਲਿਆ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਜੁਝਾਰ ਲੌਂਗੋਵਾਲ ਨੇ ਦੱਸਿਆ ਕਿ ਹਾਲਾਂਕਿ ਬੀਤੀ 13 ਜੁਲਾਈ ਨੂੰ ਵੀ ਉਕਤ ਅਧਿਕਾਰੀ ਵੱਲੋਂ ਅਜਿਹਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਹੇਠਲੇ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਮਾਮਲਾ ਉੱਥੇ ਦਾ ਉੱਥੇ ਖੜ੍ਹਾ ਹੈ। ਜਥੇਬੰਦੀਆਂ ਨੇ ਐੱਸਪੀ ਨੂੰ ਮਿਲ ਕੇ ਹੇਠਲੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਪ੍ਰਤੀ ਰੋਸ ਜਾਹਰ ਕੀਤਾ। ਜਵਾਬ ਵਿੱਚ ਅਧਿਕਾਰੀ ਨੇ ਮੌਕੇ ਤੇ ਹੀ ਐੱਸਐੱਚਓ ਸਿਟੀ ਸੰਗਰੂਰ ਨੂੰ ਇਸ ਸਬੰਧੀ ਬਣਦੀ ਕਾਰਵਾਈ ਸ਼ੁਰੂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਵੱਲੋਂ ਇਹ ਮਸਲਾ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਰਮਜੀਤ ਸਿੰਘ ਮੰਗਵਾਲ ਨੇ ਕਿਹਾ ਕਿ ਸਰਕਾਰਾਂ ਦੇ ਲੋਕ ਵਿਰੋਧੀ ਵਤੀਰੇ ਕਾਰਨ ਲੋਕ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਦੇ ਹਨ ਪ੍ਰੰਤੂ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਸ ਤਰ੍ਹਾਂ ਪਰਚੇ ਦਰਜ ਕਰਕੇ ਸਰਕਾਰਾਂ ਦੀ ਵਧੀਕੀ ਅਤੇ ਧੱਕੇ ਵਿੱਚ ਵਾਧਾ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਪਰਚੇ ਰੱਦ ਕਰਾਉਣ ਲਈ ਜਥੇਬੰਦਕ ਐਕਸ਼ਨ ਵੀ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਲੋਕ ਵਿਰੋਧੀ ਵਤੀਰੇ ਵਿਰੁੱਧ ਜਥੇਬੰਦਕ ਸੰਘਰਸ਼ ਦਾ ਹੀ ਹਿੱਸਾ ਹਨ। ਇਸ ਮੌਕੇ ਕ੍ਰਿਸ਼ਨ ਦੁੱਗਾਂ, ਦਾਤਾ ਸਿੰਘ ਨਮੋਲ, ਸੁਖਜਿੰਦਰ ਸੰਗਰੂਰ, ਜਸਬੀਰ ਨਮੋਲ, ਬਲਬੀਰ ਲੌਂਗੋਵਾਲ, ਰਾਕੇਸ਼ ਕੁਮਾਰ, ਜਗਦੇਵ ਵਰਮਾ, ਨਿਰਭੈ ਸਿੰਘ ਮੰਗਵਾਲ,ਗੁਰਚਰਨ ਖੋਖਰ, ਮਾਸਟਰ ਪਰਮਵੇਦ, ਲਖਵੀਰ ਲੱਖੀ, ਮੇਜਰ ਸਿੰਘ ਉੱਪਲੀ, ਨਰਦੀਪ ਸ਼ਰਮਾ, ਤੇਜਿੰਦਰ ਬਾਂਸਲ, ਸੁਮਿਤ ਖੁਰਾਣਾ, ਕਮਲਜੀਤ ਸਿੰਘ, ਬੀਰਬਲ ਸਿੰਘ,ਬਲਦੀਪ ਸਿੰਘ,ਅਸ਼ੋਕ ਕੁਮਾਰ, ਲੱਕੀ ਸਿੰਗਲਾ, ਹਰਕੀਰਤ ਸਿੰਘ ਹਾਜ਼ਰ ਸਨ।