- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹੰਮਦ ਸਦੀਕ ਤੇ ਬੀਬਾ ਸੁਖਜੀਤ ਕੌਰ ਨੇ ਮੇਲੇ ’ਚ ਬੰਨਿਆ ਰੰਗ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਦੱਖਣੀ ਬਾਈਪਾਸ ’ਤੇ ਚੱਲ ਰਹੇ ਘੋੜਿਆਂ ਦੇ ਸ਼ੌਅ ਦੌਰਾਨ ਅੱਜ ਸਾਬਕਾ ਵਿਧਾਇਕ ਤੇ ਲੋਕ ਗਾਇਕ ਮੁਹੰਮਦ ਸਦੀਕ ਤੇ ਬੀਬਾ ਸੁਖਜੀਤ ਕੌਰ ਵਿਸ਼ੇਸ਼ ਤੌਰ ’ਤੇ ਸੱਭਿਆਚਾਰਕ ਸਮਾਗਮ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਇਕ ਦਰਜ਼ਨ ਤੋਂ ਵੱਧ ਗਾਣੇ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ ਅਤੇ ਸ਼ੌਅ ਵਿਚ ਪਹੁੰਚਣ ਵਾਲਿਆਂ ਨੇ ਵੀ ਮੁਹੰਮਦ ਸਦੀਕ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ। ਬੜੀ ਦੇਰ ਬਾਅਦ ਇਸ ਇਲਾਕੇ ਵਿਚ ਮੁਹੰਮਦ ਸਦੀਕ ਨੂੰ ਲੋਕਾਂ ਨੇ ਗਾਉਂਦੇ ਸੁਣਿਆ। ਮੁਹੰਮਦ ਸਦੀਕ ਨੇ ਵੀ ਗੁਰੂ ਦਾ ਓਟ ਆਸਰਾ ਲੈ ਕੇ ਆਪਣੇ ਅਖਾੜੇ ਨੂੰ ਸ਼ੁਰੂ ਕੀਤਾ ਅਤੇ ਫਿਰ ਲੋਕ ਗੀਤਾਂ ਦੇ ਨਾਲ ਨਾਲ ਸੁੱਚਾ ਸੂਰਮਾ ਜਦੋਂ ਉਨ੍ਹਾਂ ਨੇ ਗਾਇਆ ਤਾਂ ਨੌਜਵਾਨਾਂ ਨੇ ਹੂਟਿੰਗ ਕਰਕੇ ਮੇਲੇ ਦਾ ਰੰਗ ਬੰਨ੍ਹ ਦਿੱਤਾ। ਨੌਜਵਾਨਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਮੁਹੰਮਦ ਸਦੀਕ ਨੇ ਵੀ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਿਸੇ ਵੀ ਗਾਇਕ ਦੀ ਸਭ ਤੋਂ ਵੱਡੀ ਖੁਰਾਕ ਉਸ ਦੇ ਸ਼ਰੋਤੇ ਹੁੰਦੇ ਹਨ ਤੇ ਅੱਜ ਇਥੇ ਜਿਥੇ ਪੰਜਾਬ ਨਸਲ ਦੇ ਘੋੜਿਆਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਉਥੇ ਨੌਜਵਾਨਾਂ ਵਲੋਂ ਲੋਕ ਗਾਇਕੀ ਨੂੰ ਸੁਣਨਾ ਤੇ ਉਸ ਨਾਲ ਜੁੜਨ ਨੂੰ ਦੇਖ ਕੇ ਉਨ੍ਹਾਂ ਦਾ ਮਨ ਵੀ ਖੁਸ਼ ਹੋਇਆ। ਮੁਹੰਮਦ ਸਦੀਕ ਨੇ ਪ੍ਰੋ. ਸੁਮੇਰ ਸਿੰਘ ਸੀੜਾ, ਜੁਬੇਰ ਸਿੰਘ ਸੀੜਾ, ਪ੍ਰੋ. ਰਮਿੰਦਰ ਕੌਰ ਸੀੜਾ ਅਤੇ ਉਘੇ ਸਮਾਜ ਸੇਵਕ ਵਿਕਰਮ ਡਕਾਲਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਦੇ ਨਾਲ ਨਾਲ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਦਾ ਵੀ ਉਪਰਾਲਾ ਕੀਤਾ ਹੈ। ਇਸ ਮੌਕੇ ਮੁਹੰਮਦ ਸਦੀਕ ਅਤੇ ਬੀਬਾ ਸੁਖਜੀਤ ਕੌਰ ਦਾ ਮੇਲੇ ਵਿਚ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਮੈਡਮ ਰਮਿੰਦਰ ਕੌਰ ਸੀੜਾ ਤੇ ਮੈਡਮ ਢੀਂਡਸਾ ਨੇ ਉਨ੍ਹਾਂ ਨੂੰ ਪੌਦੇ ਦੇ ਕੇ ਸਨਮਾਨਿਤ ਵੀ ਕੀਤਾ।