ਕਾਲੀ ਦੇਵੀ ਮੰਦਰ ਲਈ ਮਨਜ਼ੂਰ ਰਕਮ ਦਾ ਵੇਰਵਾ ਦੱਸੇ ਸਰਕਾਰ : ਮਨੋਜ ਸੋਈਂ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਲਈ ਮਨਜ਼ੂਰ ਰਕਮ ਦਾ ਵੇਰਵਾ ਜਨਤਕ ਕਰੇ ਸਰਕਾਰ : ਮਨੋਜ ਸੋਈਂ
Publish Date: Thu, 19 Nov 2026 07:33 PM (IST)
Updated Date: Fri, 20 Nov 2026 04:10 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ- ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਅਤੇ ਵਿਕਾਸ ਕਾਰਜਾਂ ’ਤੇ ਖਰਚ ਕੀਤੀ ਜਾ ਰਹੀ ਰਕਮ ਦਾ ਪੂਰਾ ਵੇਰਵਾ ਪੰਜਾਬ ਸਰਕਾਰ ਜਨਤਕ ਕਰੇ। ਸਰਕਾਰ ਵੱਲੋਂ ਇਸ ਕੰਮ ਲਈ ਫੰਡ ਅਲਾਟ ਕਰਨ ਦੀ ਬਜਾਏ ਮੰਦਰ ਵਿੱਚ ਸ਼ਰਧਾਲੂਆਂ ਵੱਲੋਂ ਚੜ੍ਹਾਏ ਗਏ ਪੈਸੇ ਖਰਚ ਕੀਤੇ ਜਾ ਰਹੇ ਹਨ। ਇਹ ਦੋਸ਼ ਐਡਵੋਕੇਟ ਮਨੋਜ ਸੋਈਂ ਨੇ ਪਟਿਆਲਾ ਮੀਡੀਆ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਲਾਏ। ਹਿੰਦੂ ਸੁਰੱਖਿਆ ਸੰਮਤੀ ਦੇ ਸਾਬਕਾ ਆਗੂ ਬ੍ਰਹਮ ਪ੍ਰਕਾਸ਼, ਰਾਜੀਵ ਕੁਮਾਰ ਰਾਜੀ, ਵਿਜੇ ਪੰਡਤ ਅਤੇ ਹੋਰ ਆਗੂਆਂ ਦੀ ਮੌਜੂਦਗੀ ਵਿੱਚ ਮਨੋਜ ਸੋਈਂ ਨੇ ਕਿਹਾ ਕਿ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਮੰਦਰ ਦੇ ਨਵੀਨੀਕਰਨ ਲਈ ਕਿੰਨੀ ਰਕਮ ਮਨਜ਼ੂਰ ਕੀਤੀ ਗਈ ਅਤੇ ਹੁਣ ਤੱਕ ਕਿੰਨਾ ਖਰਚ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਬਿਨਾਂ ਨੋਟੀਫਿਕੇਸ਼ਨ ਅਤੇ ਟੈਂਡਰ ਪ੍ਰਕਿਰਿਆ ਦੇ ਕਈ ਕੰਮ ਕਰਵਾਏ ਜਾ ਰਹੇ ਹਨ, ਜਿਸ ਕਾਰਨ ਕਰੋੜਾਂ ਰੁਪਏ ਦੇ ਖਰਚਿਆਂ ਦੀ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸੱਤਾ ਵਿੱਚ ਆਉਣ ਸਮੇਂ ਮੰਦਰ ਦੇ ਬੈਂਕ ਖਾਤਿਆਂ ਵਿੱਚ ਕਰੋੜਾਂ ਰੁਪਏ ਜਮ੍ਹਾਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਰਕਮ ਦੀ ਵਰਤੋਂ ਨੂੰ ਲੈ ਕੇ ਸਰਕਾਰ ਦੀ ਕਾਰਜਪ੍ਰਣਾਲੀ ਸਵਾਲਾਂ ਦੇ ਘੇਰੇ ਵਿੱਚ ਹੈ। ਇਸ ਮੌਕੇ ਵਰਿੰਦਰ ਖੰਨਾ ਵੱਲੋਂ ਬੋਰਡ ਕੋਲ ਦਾਇਰ ਕੀਤੀਆਂ ਆਰਟੀਆਈ ਅਰਜ਼ੀਆਂ ਦਾ ਹਵਾਲਾ ਦਿੱਤਾ ਕਿ ਇਨ੍ਹਾਂ ਦੇ ਜਵਾਬਾਂ ਵਿੱਚ ਨਕਲੀ ਚਾਂਦੀ ਅਤੇ ਸੋਨੇ ਦੀਆਂ ਵਸਤਾਂ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਜੇ ਤੱਕ ਕੋਈ ਢੁੱਕਵੀਂ ਜਾਂਚ ਨਹੀਂ ਹੋਈ। ਮਨੋਜ ਸੋਈਂ ਅਤੇ ਹੋਰ ਆਗੂਆਂ ਨੇ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਕਿ ਮੰਦਰ ਦੇ ਸਮੁੱਚੇ ਆਮਦਨ-ਖਰਚ ਦਾ ਵੇਰਵਾ ਜਨਤਕ ਕਰਵਾਇਆ ਜਾਵੇ ਤੇ ਬਿਨਾਂ ਟੈਂਡਰ ਕਰਵਾਏ ਕੰਮਾਂ ਦੀ ਜਾਂਚ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਪਾਰਦਰਸ਼ਤਾ ਨਹੀਂ ਦਿਖਾਈ ਜਾਂਦੀ ਤਾਂ ਫੰਡਾਂ ਦੀ ਕਥਿਤ ਦੁਰਵਰਤੋਂ ਅਤੇ ਸੋਨੇ-ਚਾਂਦੀ ਦੀਆਂ ਵਸਤਾਂ ਸਬੰਧੀ ਮਾਮਲੇ ਦੀ ਸੀਬੀਆਈ ਅਤੇ ਈਡੀ ਤੋਂ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾਣ।