- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਢਲੀ ਸਹਾਇਤਾ ਸਬੰਧੀ ਸਿਖਲਾਈ ਗਾਈਡ ਲੋਕ ਅਰਪਣ

ਪੱਤਰ ਪ੍ਰੇਰਕ,• ਪੰਜਾਬੀ ਜਾਗਰਣ•, ਪਟਿਆਲਾ : ਪਟਿਆਲਾ ਦੇ ਸੀਨੀਅਰ ਡਾਕਟਰ, ਇੰਡੀਅਨ ਰੈੱਡ ਕਰਾਸ ਸੁਸਾਇਟੀ, ਜ਼ਿਲ੍ਹਾ ਪਟਿਆਲਾ ਸ਼ਾਖਾ ਦੇ ਡਿਵੀਜ਼ਨਲ ਕਮਾਂਡਰ (ਮੈਡੀਕਲ), ਟ੍ਰੇਨਰ ਤੇ ਪ੍ਰੀਖਿਅਕ ਅਤੇ ਲੋਕ ਭਲਾਈ ਤੇ ਚੇਤਨਾ ਸੁਸਾਇਟੀ ਪਟਿਆਲਾ ਦੇ ਪ੍ਰਧਾਨ ਡਾਕਟਰ ਡੀ.ਐੱਸ. ਭੁੱਲਰ ਵੱਲੋਂ ਲਿਖੀ ਮੁੱਢਲੀ ਸਹਾਇਤਾ ਸਬੰਧੀ ਸਿਖਲਾਈ ਗਾਈਡ ਪੰਜਾਬ ਦਿਵਸ ਮੌਕੇ ਪਟਿਆਲਾ ਕਲੱਬ ਵਿਖੇ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਸਾਬਕਾ ਵਾਈਸ ਚਾਂਸਲਰ ਅਤੇ ਸਾਬਕਾ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਡਾ. ਬੀ.ਐਲ ਭਰਦਵਾਜ ਨੇ ਕੀਤੀ। ਉਨ੍ਹਾਂ ਮੁੱਢਲੀ ਸਹਾਇਤਾ ਸਬੰਧੀ ਸਿਖਲਾਈ ਪ੍ਰੋਗਰਾਮਾਂ ਵਿੱਚ ਡਾ. ਭੁੱਲਰ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਮੁੱਢਲੀ ਸਹਾਇਤਾ ਕਿਸੇ ਜ਼ਖ਼ਮੀ ਜਾਂ ਅਚਾਨਕ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਪੇਸ਼ੇਵਰ ਡਾਕਟਰੀ ਸਹਾਇਤਾ ਮਿਲਣ ਤੱਕ ਦਿੱਤੀ ਜਾਣ ਵਾਲੀ ਤੁਰੰਤ ਸਹਾਇਤਾ ਹੈ। ਇਸ ਦੀ ਸਹੀ ਜਾਣਕਾਰੀ ਅਤੇ ਸਿਖਲਾਈ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ। ਡਾ. ਡੀ. ਐੱਸ. ਭੁੱਲਰ ਨੇ ਦੱਸਿਆ ਕਿ ਇਸ ਪੁਸਤਕ ਦਾ ਮੁੱਖ ਉਦੇਸ਼ ਮੁੱਢਲੀ ਸਹਾਇਤਾ ਦੀ ਸਿਖਲਾਈ ਨੂੰ ਸਰਲ, ਵਿਹਾਰਕ, ਆਸਾਨੀ ਨਾਲ ਸਮਝਣਯੋਗ ਤੇ ਹੁਨਰ-ਆਧਾਰਿਤ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਪੁਸਤਕ ਵਿਚ ਦਿਲ ਅਤੇ ਸਾਹ ਬੰਦ ਹੋਣ ਦੀ ਸਥਿਤੀ ਵਿਚ ਸੀ.ਪੀ.ਆਰ., ਸਾਹ ਦੀ ਨਾਲੀ ਵਿਚ ਰੁਕਾਵਟ, ਗੰਭੀਰ ਖ਼ੂਨ ਵਗਣ ਨੂੰ ਰੋਕਣ, ਸੜਕ ਹਾਦਸਿਆਂ ਵਿਚ ਮੁੱਢਲੀ ਸਹਾਇਤਾ, ਸੜਨ ਦੀਆਂ ਸੱਟਾਂ, ਹੱਡੀਆਂ ਟੁੱਟਣ, ਲੂ ਲੱਗਣ, ਦਿਲ ਤੇ ਦਿਮਾਗੀ ਦੌਰੇ, ਸੱਪ ਦੇ ਡੰਗਣ ਅਤੇ ਕੁੱਤੇ ਦੇ ਕੱਟਣ ਵਰਗੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਸਬੰਧੀ ਲੋੜੀਂਦੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ।