- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਲਾਵਟ ਖੋਰਾਂ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਹਰ ਕਿਸਮ ਦੇ ਖਾਣ ਪੀਣ ਵਾਲੇ ਜ਼ਹਿਰ ਰੂਪੀ ਪਦਾਰਥਾਂ ’ਚ ਮਿਲਾਵਟ ਤੋਂ ਮੁਕੰਮਲ ਛੁਟਕਾਰੇ ਲਈ ਤੇ ਵੇਚਣੇ ਬੰਦ ਕਰਵਾਉਣ ਸਬੰਧੀ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਾਅਰੇਬਾਜ਼ੀ ਕਰਕੇ ਸਰਕਾਰ, ਸਿਹਤ ਵਿਭਾਗ ਤੇ ਮਿਲਾਵਟ ਖੋਰਾਂ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮੌਜੂਦਾ ਸਿਸਟਮ ’ਤੇ ਡੂੰਘੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੋ ਚਾਰ ਦਿਨ ਸਖਤੀ ਕਰਕੇ ਵਿਖਾਵੇ ਲਈ ਛਾਪੇਮਾਰੀ ਕਰਦਾ ਹੈ ਤੇ ਖਾਨਾ ਪੂਰਤੀ ਲਈ ਸੈਂਪਲ ਭਰੇ ਜਾਂਦੇ ਹਨ ਪਰ ਬਾਅਦ ਵਿੱਚ ਕਲੀਨ ਚਿੱਟ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਿਲਾਵਟ ਖੋਰਾਂ ’ਤੇ ਮਾਨ ਸਰਕਾਰ ਨੂੰ ਵੱਡਾ ਐਕਸ਼ਨ ਲੈਣ ਦੀ ਸਖਤ ਲੋੜ ਹੈ। ਉਨ੍ਹਾਂ ਕਿਹਾ ਕਿ ਮਿਲਾਵਟ ਖੋਰ ਆਪਣੇ ਵੱਧ ਮੁਨਾਫੇ ਦੀ ਖਾਤਰ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧਕੇਲ ਰਹੇ ਹਨ ਜਦੋਂ ਕਿ ਮਿਲਾਵਟ ਕਰ ਵੇਚਣਾ ਲੋਕਾਂ ਦੀਆਂ ਹੱਤਿਆਵਾਂ ਕਰਨ ਦੇ ਬਰਾਬਰ ਗੁਨਾਹ ਹੈ, ਜਿਸਦੀ ਸਜ਼ਾ ਫਾਂਸੀ ਹੋਣੀ ਚਾਹੀਦੀ ਹੈ।ਪ੍ਰਧਾਨ ਅਰਵਿੰਦਰ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਿਲਾਵਟ ਖੋਰ ਅਤੇ ਸਿਹਤ ਵਿਭਾਗ ਦੇ ਖਿਲਾਫ ਅੱਜ ਵੀ ਨਾ ਅਵਾਜ ਚੁੱਕੀ ਤਾਂ ਤੁਹਾਡੀ ਆਪਣੀ ਮਿਹਨਤ ਦੀ ਕਮਾਈ ਗੰਭੀਰ ਬਿਮਾਰੀਆਂ ਦੇ ਮਹਿੰਗੇ ਇਲਾਜਾਂ ਵਿੱਚ ਬਰਬਾਦ ਹੁੰਦੀ ਜਾਵੇਗੀ । ਉਨ੍ਹਾਂ ਕਿਹਾ ਕਿ ਮਿਠਾਈਆਂ, ਘਿਓ, ਦੁੱਧ, ਪਨੀਰ ਅਤੇ ਕਰਿਆਨਾ ਹਰ ਕਿਸਮ ਦੇ ਖਾਣ ਪੀਣ ਵਾਲੇ ਪਦਾਰਥ ਮਿਲਾਵਟ ਦੇ ਸਿਕਾਰ ਹਨ ਲੱਖਾਂ ਲੀਟਰ ਦੁੱਧ ਕੈਮੀਕਲ ਤੋਂ ਤਿਆਰ ਕਰਕੇ ਪੰਜਾਬ ਭਰ ਵਿੱਚ ਸਪਲਾਈ ਹੋ ਰਿਹਾ ਹੈ। ਇਸ ਮੌਕੇ ਕਰਮ ਸਿੰਘ, ਸਰਵਨ ਕੁਮਾਰ, ਗੁਰਦੀਪ ਸਿੰਘ, ਧਰਮਪਾਲ, ਕੰਵਲਜੀਤ ਸਿੰਘ, ਮਾਨ ਸਿੰਘ, ਧਰਮਿੰਦਰ ਸਿੰਘ, ਸੰਤ ਸਿੰਘ, ਸੂਰਜ ਕੁਮਾਰ ਆਦਿ ਹਾਜਰ ਸਨ।