ਲੀਡ)))ਪ੍ਰਸ਼ਾਸਨ ਨਹੀਂ ਲੈਂਦਾ ਸਾਰ, ਆਪਣਾ ਪਟਿਆਲਾ ਆਪੇ ਸਵਾਰ ਪ੍ਰਸ਼ਾਸਨ ਨੀ ਲੈਂਦਾ ਸਾਰ, ਆਪਣਾ ਪਟਿਆਲਾ ਆਪੇ ਸਵਾਰ
Publish Date: Sun, 27 Sep 2026 05:23 PM (IST)
Updated Date: Sun, 27 Sep 2026 05:24 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ‘ਪ੍ਰਸ਼ਾਸਨ ਨੀ ਲੈਂਦਾ ਸਾਰ, ਆਪਣਾ ਪਟਿਆਲਾ ਆਪੇ ਸਵਾਰ’— ਇਹ ਗੱਲ ਅੱਜ ਓਦੋਂ ਪੂਰੀ ਤਰ੍ਹਾਂ ਸੱਚ ਸਾਬਤ ਹੋਈ ਜਦੋਂ ਪ੍ਰਸ਼ਾਸਨਿਕ ਬੇਰੁਖ਼ੀ ਤੇ ਸਰਕਾਰੀ ਅਣਗਹਿਲੀ ਦੀ ਮਾਰ ਝੱਲ ਰਹੇ ਇਤਿਹਾਸਕ ਸ਼ਹਿਰ ਦੇ ਇਕ ਅਹਿਮ ਪਾਰਕ ਦੀ ਨੁਹਾਰ ਬਦਲਣ ਲਈ ਜਾਗਰੂਕ ਸ਼ਹਿਰੀ ਖ਼ੁਦ ਮੈਦਾਨ ਵਿਚ ਨਿੱਤਰੇ। ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਬਿਲਕੁਲ ਸਾਹਮਣੇ ਤ੍ਰਿਪੜੀ ਮੋੜ ’ਤੇ ਸਥਿਤ ‘ਵਾਤਾਵਰਨ ਪਾਰਕ’, ਜਿਸ ਦੀ ਸਾਰ ਲੈਣ ਤੋਂ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਸਾਲਾਂ ਤੋਂ ਅੱਖਾਂ ਮੀਟੀ ਬੈਠਾ ਸੀ, ਨੂੰ ਸਥਾਨਕ ਨਾਗਰਿਕਾਂ ਨੇ ਮਹਿਜ਼ ਤਿੰਨ ਘੰਟਿਆਂ ਦੀ ਅਣਥੱਕ ਕਾਰਸੇਵਾ ਨਾਲ ਮੁੜ ਸਾਫ਼-ਸੁਥਰਾ ਤੇ ਸੁੰਦਰ ਬਣਾ ਕੇ ਮਿਸਾਲ ਕਾਇਮ ਕੀਤੀ ਹੈ। ਕਈ ਸਾਲ ਪਹਿਲਾਂ ਵੱਡੇ ਨਾਲੇ ਦੇ ਨਾਲ-ਨਾਲ ਲੋਕਾਂ ਨੂੰ ਹਰਿਆ-ਭਰਿਆ ਵਾਤਾਵਰਨ ਦੇਣ ਲਈ ਇਹ ਖ਼ੂਬਸੂਰਤ ਪਾਰਕ ਵਿਕਸਤ ਕੀਤਾ ਗਿਆ ਸੀ। ਕਿਸੇ ਵੇਲੇ ਇੱਥੇ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਸਵੇਰੇ-ਸ਼ਾਮ ਸੈਰ ਕਰਨ ਆਉਂਦੇ ਸਨ ਅਤੇ ਬੱਚਿਆਂ ਦੀਆਂ ਖੇਡਾਂ ਨਾਲ ਰੌਣਕ ਲੱਗੀ ਰਹਿੰਦੀ ਸੀ। ਪ੍ਰੰਤੂ ਰੱਖ-ਰਖਾਅ ਦੀ ਘਾਟ ਕਾਰਨ ਬੀਤੇ ਕੁੱਝ ਸਾਲਾਂ ਦੌਰਾਨ ਇਹ ਪਾਰਕ ਕੂੜੇ ਦੇ ਡੰਪ ਵਿਚ ਤਬਦੀਲ ਹੋ ਕੇ ਰਹਿ ਗਿਆ। ਘਾਹ ਸੁੱਕ ਕੇ ਜੰਗਲੀ ਝਾੜੀਆਂ ਦਾ ਰੂਪ ਧਾਰਨ ਕਰ ਗਿਆ ਅਤੇ ਸੈਰਗਾਹਾਂ ’ਤੇ ਗੰਦਗੀ ਦੇ ਢੇਰ ਲੱਗ ਗਏ। ਹਾਲਾਤ ਇਸ ਕਦਰ ਵਿਗੜ ਗਏ ਕਿ ਇਹ ਖ਼ੂਬਸੂਰਤ ਜਨਤਕ ਥਾਂ ਸ਼ਰਾਰਤੀ ਅਨਸਰਾਂ ਅਤੇ ਨਸ਼ੇੜੀਆਂ ਦਾ ਪੱਕਾ ਅੱਡਾ ਬਣ ਕੇ ਰਹਿ ਗਈ, ਜਿਸ ਕਾਰਨ ਭਲੇਮਾਣਸਾਂ ਨੇ ਇੱਧਰ ਆਉਣਾ ਹੀ ਛੱਡ ਦਿੱਤਾ। ਡੱਬੀ - ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪਾਰਕ ਸ਼ਹਿਰ ਦੀ ਸਭ ਤੋਂ ਰੁਝੇਵੇਂ ਵਾਲੀ ਮੁੱਖ ਸੜਕ ਤੇ ਮਿੰਨੀ ਸਕੱਤਰੇਤ ਦੇ ਬਿਲਕੁਲ ਨਜ਼ਦੀਕ ਸਥਿਤ ਹੈ। ਰੋਜ਼ਾਨਾ ਇਸੇ ਰਸਤੇ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ, ਵਿਧਾਇਕ ਤੇ ਮੰਤਰੀ ਲੰਘਦੇ ਹਨ, ਪਰ ਕਿਸੇ ਦੀ ਵੀ ਨਜ਼ਰ ਇਸ ਦੀ ਬਦਹਾਲੀ ’ਤੇ ਨਹੀਂ ਪਈ। ਇੱਥੋਂ ਤੱਕ ਕਿ ਪਾਰਕ ਅੰਦਰ ਧਰਤੀ ਹੇਠਲੇ ਪਾਣੀ ਦੇ ਸੁਧਾਰ ਲਈ ਬਣਾਈ ਗਈ ‘ਵਾਟਰ ਰੀਚਾਰਜ’ ਵਾਲੀ ਖੂਹੀ ਵੀ ਕੂੜੇ-ਕਰਕਟ ਨਾਲ ਨੱਕੋ-ਨੱਕ ਭਰੀ ਹੋਈ ਸੀ, ਜੋ ਪ੍ਰਸ਼ਾਸਨਿਕ ਲਾਪਰਵਾਹੀ ਦਾ ਸਭ ਤੋਂ ਵੱਡਾ ਸਬੂਤ ਪੇਸ਼ ਕਰ ਰਹੀ ਸੀ। ਡੱਬੀ ਸ਼ਹਿਰ ਨੂੰ ਸਾਫ਼ ਤੇ ਸੋਹਣਾ ਬਣਾਉਣ ਲਈ ਸਰਗਰਮ ਸੰਸਥਾ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੀ ਟੀਮ ਨੇ ਇਸ ਪਾਰਕ ਦੀ ਨੁਹਾਰ ਬਦਲਣ ਦਾ ਬੀੜਾ ਚੁੱਕਿਆ। ਸੰਸਥਾ ਦੇ ਮੈਂਬਰਾਂ ਨੇ ਸਵੇਰ ਸਮੇਂ ਹੱਥਾਂ ਵਿਚ ਝਾੜੂ ਤੇ ਕਹੀਆਂ ਫੜ ਕੇ ਸਫ਼ਾਈ ਮੁਹਿੰਮ ਸ਼ੁਰੂ ਕੀਤੀ। ਤਿੰਨ ਘੰਟਿਆਂ ਦੇ ਅੰਦਰ-ਅੰਦਰ ਟਨਾਂ ਦੇ ਹਿਸਾਬ ਨਾਲ ਕੂੜਾ ਚੁੱਕ ਕੇ, ਜੰਗਲੀ ਝਾੜੀਆਂ ਛਾਂਗ ਕੇ ਅਤੇ ਸੈਰਗਾਹਾਂ ਧੋ ਕੇ ਪਾਰਕ ਦਾ ਨਕਸ਼ਾ ਹੀ ਬਦਲ ਦਿੱਤਾ ਗਿਆ। ਡੱਬੀ ਸੰਸਥਾ ਦੇ ਮੋਢੀ ਹਰਿੰਦਰ ਪਾਲ ਲਾਂਬਾ ਨੇ ਇਸ ਮੌਕੇ ਕਿਹਾ ਕਿ ਉਹ ਆਪਣੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਦੇ ਜਨੂੰਨ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਜਿਹੜਾ ਕੰਮ ਨਗਰ ਨਿਗਮ ਵਰ੍ਹਿਆਂ ਤੱਕ ਨਹੀਂ ਕਰ ਸਕਿਆ, ਉਹ ਸਿਰਫ਼ ਤਿੰਨ ਘੰਟਿਆਂ ਦੀ ਇੱਛਾ-ਸ਼ਕਤੀ ਨਾਲ ਸੰਭਵ ਹੋ ਗਿਆ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਪ੍ਰਸ਼ਾਸਨ ਦੇ ਆਸਰੇ ਬੈਠਣ ਦੀ ਬਜਾਏ ਸ਼ਹਿਰ ਨੂੰ ਸਵੱਛ ਬਣਾਉਣ ਵਿੱਚ ਆਪਣਾ ਬਣਦਾ ਫ਼ਰਜ਼ ਪਛਾਣਨ ਅਤੇ ਇਸ ਲੋਕ-ਮੁਹਿੰਮ ਦਾ ਹਿੱਸਾ ਬਣਨ।