ਨੰਦ ਸਿੰਘ ਸੇਖੋਂ ਯਾਦਗਾਰੀ ਟਰਾਫੀ ਨਾਲ ਵਿਦਿਆਰਥੀਆਂ ਦਾ ਸਨਮਾਨ ਨੰਦ ਸਿੰਘ ਸੇਖੋਂ ਯਾਦਗਾਰੀ ਟਰਾਫੀ ਨਾਲ ਵਿਦਿਆਰਥੀਆਂ ਦਾ ਸਨਮਾਨ
Publish Date: Sun, 23 Aug 2026 05:23 PM (IST)
Updated Date: Sun, 23 Aug 2026 05:24 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਨਗਰ ਪੰਚਾਇਤ ਘੱਗਾ ਦੇ ਸਾਬਕਾ ਪ੍ਰਧਾਨ ਤੇ ਪ੍ਰਸਿੱਧ ਸਮਾਜ ਸੇਵੀ ਆਗੂ ਮੇਜਰ ਸਿੰਘ ਸੇਖੋ ਵੱਲੋਂ ਜੱਦੀ ਪਿੰਡ ਭੂਤਗੜ੍ਹ ਦੇ ਸਰਕਾਰੀ ਹਾਈ ਸਕੂਲ ਵਿਚ ਪੜ੍ਹਦੇ ਬੱਚਿਆਂ ਨੂੰ ਆਪਣੇ ਦਾਦਾ ਜੀ ਦੀ ਯਾਦ ਵਿਚ ਹਰ ਸਾਲ ਦਿੱਤੀ ਜਾਂਦੀ ਨੰਦ ਸਿੰਘ ਸੇਖੋਂ ਯਾਦਗਾਰੀ ਟਰਾਫੀ ਵੰਡ ਸਮਾਰੋਹ ਦੌਰਾਨ ਦਸਵੀਂ ਕਲਾਸ ਵਿਚ ਪਹਿਲੀ ਅਤੇ ਅੱਠਵੀਂ ਕਲਾਸ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਮਾਜ ਸੇਵੀ ਆਗੂ ਮੇਜਰ ਸਿੰਘ ਸੇਖੋਂ ਨੇ ਦੱਸਿਆ ਕਿ ਪਿੰਡ ਭੂਤਗੜ੍ਹ ਦੇ ਸਰਕਾਰੀ ਹਾਈ ਸਕੂਲ ਵਿਖੇ ਪਹੁੰਚ ਕੇ ਸਰਦਾਰ ਨੰਦ ਸਿੰਘ ਸੇਖੋਂ ਯਾਦਗਾਰੀ ਟਰਾਫੀ ਸਾਲ 2023-24 ਅਤੇ 2024-25 ਲਈ ਤਕਸੀਮ ਕੀਤੀ। ਇਹ ਟਰਾਫੀ ਦਸਵੀਂ ਜਮਾਤ ਦੀ ਪੜ੍ਹਾਈ ’ਚੋਂ ਫਸਟ ਪੁਜ਼ੀਸ਼ਨ ਅਤੇ ਅੱਠਵੀਂ ਜਮਾਤ ਦੀ ਪੜ੍ਹਾਈ ਵਿੱਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ’ਚੋਂ ਦਸਵੀਂ ’ਚ ਪਹਿਲੀ ਪੁਜੀਸ਼ਨ ਲੈਣ ਵਾਲੇ ਵਿਦਿਆਰਥੀ ਨੂੰ ਟਰਾਫੀ ਦੇ ਨਾਲ ਨਾਲ ਪੰਜ ਹਜ਼ਾਰ ਰੁਪੈ ਨਕਦ ਅਤੇ ਅੱਠਵੀਂ ਕਲਾਸ ’ਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕਰਮਵਾਰ ਪੰਜ ਤਿੰਨ ਤੇ ਦੋ ਹਜ਼ਾਰ ਰੁਪੈ ਨਕਦ, ਪ੍ਰੋਗਰੈਸਿਵ ਯੂਥ ਫੋਰਮ ਘੱਗਾ ਵੱਲੋਂ ਜਾਰੀ ਕੀਤਾ ਜਾਂਦਾ ਸਰਟੀਫਿਕੇਟ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਟਰਾਫੀ ਪਿਛਲੇ ਵੀਹ ਸਾਲਾਂ ਤੋਂ, ਪਹਿਲਾਂ ਘੱਗਾ ਵਿਖੇ 2011ਤੋਂ ਲਗਾਤਾਰ ਭੂਤਗੜ੍ਹ ਵਿਖੇ ਦਿੱਤੀ ਜਾ ਰਹੀ ਹੈ। ਇਸ ਉਪਰਾਲੇ ਰਾਹੀਂ ਸੇਖੋਂ ਪਰਿਵਾਰ ਆਪਣੇ ਦਾਦਾ ਨੰਦ ਸਿੰਘ ਜੀ ਨੂੰ ਹਰ ਵਰ੍ਹੇ ਸ਼ਰਧਾ ਅਰਪਿਤ ਕਰਦਾ ਹੈ।